ਅੰਮ੍ਰਿਤਸਰ, ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿੱਚ 25 ਅਕਤੂਬਰ ਨੂੰ ਆਰਐੱਸਐੱਸ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ। ਸੰਨ 2004 ਵਿੱਚ ਜਾਰੀ ਹੁਕਮਨਾਮੇ ਨੂੰ ਘੋਖਣ ਮਗਰੋਂ 23 ਅਕਤੂਬਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਵੱਲੋਂ ਇਸ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਵੇਗੀ।
ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ 23 ਜੁਲਾਈ 2004 ਨੂੰ ਸੰਦੇਸ਼ ਜਾਰੀ ਹੋਣ ਸਮੇਂ ਭਾਵੇਂ ਉਹ ਵੀ ਹਾਜ਼ਰ ਸਨ ਪਰ ਉਨ੍ਹਾਂ ਨੂੰ ਸੰਦੇਸ਼ ਦੀ ਸ਼ਬਦਾਵਲੀ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ। ਉਹ ਭਲਕੇ ਇਸ ਸੰਦੇਸ਼ ਨੂੰ ਘੋਖਣਗੇ ਅਤੇ ਵਿਚਾਰਨ ਮਗਰੋਂ ਇਸ ਸਬੰਧ ਵਿੱਚ ਸਿੱਖ ਕੌਮ ਲਈ ਨਿਰਦੇਸ਼ ਜਾਰੀ ਕਰਨਗੇ। ਇਸ ਦੌਰਾਨ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ, ਕੇਵਲ ਸਿੰਘ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ ਨੇ ਇਕ ਬਿਆਨ ਰਾਹੀਂ ਆਖਿਆ ਕਿ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਕਰਾਏ ਜਾ ਰਹੇ ਸਮਾਗਮਾਂ ਦਾ ਸਿੱਖ ਕੌਮ ਬਾਈਕਾਟ ਕਰੇ। ਜੋ ਵੀ ਸਿੱਖ ਇਸ ਸਮਾਗਮ ਵਿੱਚ ਸ਼ਾਮਲ ਹੁੰਦਾ ਹੈ, ਉਸ ਦੀ ਸ਼ਨਾਖਤ ਕੀਤੀ ਜਾਵੇ ਅਤੇ ਉਸ ਨੂੰ ਕੌਮ ਦਾ ‘ਗ਼ੱਦਾਰ’ ਐਲਾਨਿਆ ਜਾਵੇ।
ਦੱਸਣਯੋਗ ਹੈ ਕਿ 23 ਜੁਲਾਈ 2004 ਨੂੰ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖ ਕੌਮ ਦੇ ਨਾਂ ਇੱਕ ਸੰਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸਿੱਖ ਕੌਮ ਨੂੰ ਹਦਾਇਤ ਕੀਤੀ ਗਈ ਸੀ ਕਿ ਰਾਸ਼ਟਰੀ ਸਿੱਖ ਸੰਗਤ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ ਅਤੇ ਇਸ ਸੰਸਥਾ ਨੂੰ ਕਿਸੇ ਵੀ ਕਿਸਮ ਦਾ ਸਹਿਯੋਗ ਨਾ ਦਿੱਤਾ ਜਾਵੇ। ਇਸ ਸੰਦੇਸ਼ ’ਤੇ ਉਸ ਵੇਲੇ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਇਕਬਾਲ ਸਿੰਘ, ਗਿਆਨੀ ਤਰਲੋਚਨ ਸਿੰਘ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਗਿਆਨੀ ਗੁਰਬਚਨ ਸਿੰਘ ਦੇ ਦਸਤਖ਼ਤ ਸਨ। ਇਸ ਸੰਦੇਸ਼ ਵਿੱਚ ਦਰਜ ਹੈ ਕਿ ਸਿੱਖ ਸੰਗਤ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਆਰਐਸਐਸ ਵੱਲੋਂ ਸਰਬ ਸਾਂਝੀ ਗੁਰਬਾਣੀ ਯਾਤਰਾ ਕਰਵਾਈ ਜਾ ਰਹੀ ਹੈ। ਅਕਾਲ ਤਖ਼ਤ ਵੱਲੋਂ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਆਰਐਸਐਸ ਨੂੰ ਕੋਈ ਵੀ ਸਹਿਯੋਗ ਨਾ ਦੇਣ ਦੀ ਹਦਾਇਤ ਕੀਤੀ ਗਈ ਸੀ।