ਟੈਰਸਾ (ਸਪੇਨ):ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਵਿਸ਼ਵ ਕੱਪ ਵਿੱਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਸਟਰਾਈਕਰ ਨਵਨੀਤ ਕੌਰ ਨੇ ਅੱਜ ਇੱਥੇ ਕਿਹਾ ਕਿ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਟੀਮ ਬਿਹਤਰੀਨ ਪ੍ਰਦਰਸ਼ਨ ਕਰੇਗੀ। ਭਾਰਤ ਵਿਸ਼ਵ ਕੱਪ ਵਿੱਚ ਨੌਵੇਂ ਸਥਾਨ ’ਤੇ ਰਿਹਾ। ਭਾਰਤੀ ਟੀਮ ਦਾ ਇੰਗਲੈਂਡ ਤੇ ਚੀਨ ਖ਼ਿਲਾਫ਼ ਮੈਚ 1-1 ਨਾਲ ਡਰਾਅ ਰਿਹਾ ਅਤੇ ਟੀਮ ਨਿਊਜ਼ੀਲੈਂਡ ਹੱਥੋਂ 3-4 ਦੇ ਫਰਕ ਨਾਲ ਹਾਰ ਗਈ। ਕੁਆਰਟਰ ਫਾਈਨਲ ਲਈ ਕਰਾਸਓਵਰ ਮੁਕਾਬਲੇ ਵਿੱਚ ਭਾਰਤ ਨੂੰ ਸਪੇਨ ਨੇ 1-0 ਨਾਲ ਹਰਾਇਆ। ਨਵਨੀਤ ਨੇ ਸਪੇਨ ਤੋਂ ਮਿਲੀ ਹਾਰ ਬਾਰੇ ਕਿਹਾ, ‘‘ਸਪੇਨ ਤੋਂ ਹਾਰ ਮਗਰੋਂ ਅਸੀਂ ਬਹੁਤ ਨਿਰਾਸ਼ ਸੀ ਪਰ ਸਾਨੂੰ ਪਤਾ ਸੀ ਕਿ ਇਸ ਮੈਚ ਨੂੰ ਪਿੱਛੇ ਛੱਡ ਸਾਨੂੰ ਕੈਨੇਡਾ ਅਤੇ ਜਾਪਾਨ ਖ਼ਿਲਾਫ਼ ਖੇਡੇ ਜਾਣ ਵਾਲੇ ਮੈਚਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਨ੍ਹਾਂ ਦੋਵਾਂ ਟੀਮਾਂ ਨੂੰ ਹਰਾ ਕੇ ਅਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਾਂ।’’ ਭਾਰਤ ਨੇ ਕੈਨੇਡਾ ਨੂੰ ਸ਼ੂਟਆਊਟ ਵਿੱਚ 2-3 ਨਾਲ ਹਰਾਇਆ, ਜਦਕਿ ਜਾਪਾਨ ਨੂੰ 3-1 ਨਾਲ ਮਾਤ ਦਿੱਤੀ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਪਹਿਲਾ ਮੈਚ 29 ਜੁਲਾਈ ਨੂੰ ਘਾਨਾ ਨਾਲ ਹੋਵੇਗਾ।