ਨੋਇਡਾ, 31 ਜੁਲਾਈ
ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਰਾਸ਼ਟਰਮੰਡਲ ਖੇਡ 2022 ਦਾ ਬਾਈਕਾਟ ਕਰਨ ਦੀ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਅਪੀਲ ਦਾ ਸਮਰਥਨ ਨਹੀਂ ਕਰਦੀ, ਪਰ ਇਸ ਦੇ ਨਾਲ ਹੀ ਉਸ ਦਾ ਮੰਨਣਾ ਹੈ ਕਿ ਇਸ ਟੂਰਨਾਮੈਂਟ ਵਿੱਚੋਂ ਨਿਸ਼ਾਨੇਬਾਜ਼ੀ ਨੂੰ ਹਟਾਉਣਾ ਵੀ ਗ਼ਲਤ ਹੈ। ਆਈਓਏ ਨੇ ਨਿਸ਼ਾਨੇਬਾਜ਼ੀ ਨੂੰ ਹਟਾਏ ਜਾਣ ਕਾਰਨ ਬੀਤੇ ਹਫ਼ਤੇ ਬਰਮਿੰਘਮ ਵਿੱਚ 2022 ਵਿੱਚ ਹੋਣ ਵਾਲੀਆਂ ਖੇਡਾਂ ਦਾ ਬਾਈਕਾਟ ਕਰਨ ਦੀ ਤਜਵੀਜ਼ ਰੱਖੀ ਅਤੇ ਇਸ ’ਤੇ ਕੇਂਦਰ ਸਰਕਾਰ ਦੀ ਮਨਜ਼ੂਰੀ ਮੰਗੀ ਹੈ।
ਸਾਕਸ਼ੀ ਨੇ ਇੱਕ ਪ੍ਰੋਗਰਾਮ ਤੋਂ ਵੱਖਰੇ ਤੌਰ ’ਤੇ ਕਿਹਾ, ‘‘ਅਸੀਂ ਇਹ ਨਾ ਕਹੀਏ ਕਿ ਅਸੀਂ ਇਨ੍ਹਾਂ ਖੇਡਾਂ ਦਾ ਬਾਈਕਾਟ ਕਰਾਂਗੇ, ਪਰ ਮੈਨੂੰ ਉਮੀਦ ਹੈ ਕਿ ਨਿਸ਼ਾਨੇਬਾਜ਼ੀ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਅਸੀਂ ਸਾਰੇ ਬਰਮਿੰਘਮ ਜਾਵਾਂਗੇ।’’ ਇਸ ਦੇ ਨਾਲ ਹੀ ਸਾਕਸ਼ੀ ਨੇ ਨਿਸ਼ਾਨੇਬਾਜ਼ੀ ਨੂੰ ਖੇਡਾਂ ਵਿੱਚ ਸ਼ਾਮਲ ਕਰਵਾਉਣ ਸਬੰਧੀ ਆਈਓਏ ਦੇ ਤਿੱਖੇ ਰੁਖ਼ ਦਾ ਸਮਰਥਨ ਵੀ ਕੀਤਾ। ਉਸ ਨੇ ਕਿਹਾ, ‘‘ਆਈਓਏ ਜੋ ਵੀ ਫ਼ੈਸਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ, ਉਹ ਸਹੀ ਹੈ ਕਿਉਂਕਿ ਜੋ ਵੀ ਖੇਡ ਬਾਹਰ ਕੀਤੀ ਗਈ ਇਹ ਉਸ ਦੇ ਖਿਡਾਰੀਆਂ ਨਾਲ ਗ਼ਲਤ ਹੈ।’’
ਸਾਕਸ਼ੀ ਨੇ ਕੌਮਾਂਤਰੀ ਪੱਧਰ ’ਤੇ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਦੀ ਇਨਾਮੀ ਰਕਮ ਵਿੱਚ ਕਟੌਤੀ ਕਰਨ ਸਬੰਧੀ ਹਰਿਆਣਾ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਵੀ ਕੀਤੀ। ਉਸ ਨੇ ਕਿਹਾ, ‘‘ਪੁਰਸਕਾਰ ਰਾਸ਼ੀ ਵਿੱਚ ਕਟੌਤੀ ਕਰਨਾ ਗ਼ਲਤ ਹੈ। ਅਸੀਂ 15-20 ਸਾਲ ਤੋਂ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਕੌਮਾਂਤਰੀ ਪੱਧਰ ’ਤੇ ਲਗਾਤਾਰ ਤਗ਼ਮੇ ਜਿੱਤ ਰਹੇ ਹਾਂ ਅਤੇ ਜੇਕਰ ਇਨਾਮੀ ਰਕਮ ਵਿੱਚ ਕਟੌਤੀ ਹੁੰਦੀ ਹੈ ਤਾਂ ਇਸ ਤੋਂ ਖਿਡਾਰੀ ਨਿਰਾਸ਼ ਹੋਣਗੇ।’’