ਵਾਸ਼ਿੰਗਟਨ, 16 ਸਤੰਬਰ
ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਕਿਹਾ ਹੈ ਕਿ ਜੇਕਰ ਉਹ 2024 ਦੀਆਂ ਚੋਣਾਂ ਜਿੱਤ ਜਾਂਦੇ ਹਨ ਤਾਂ ਸੰਘੀ ਸਰਕਾਰ ਦੇ 75 ਫੀਸਦ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਹਟਾ ਦੇਣਗੇ ਅਤੇ ਐੱਫਬੀਆਈ ਵਰਗੀਆਂ ਕਈ ਪ੍ਰਮੁੱਖ ਏਜੰਸੀਆਂ ਨੂੰ ਬੰਦ ਕਰ ਦੇਣਗੇ।
ਅਮਰੀਕੀ ਨਿਊਜ਼ ਵੈੱਬਸਾਈਟ ‘ਐਕਸਿਓਸ’ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਰਾਮਾਸਵਾਮੀ ਨੇ ਕਿਹਾ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਸਿੱਖਿਆ ਵਿਭਾਗ, ਐੱਫਬੀਆਈ, ਆਬਕਾਰੀ, ਤੰਬਾਕੂ, ਹਥਿਆਰ ਤੇ ਵਿਸਫੋਟਕ ਬਿਊਰੋ, ਪਰਮਾਣੂ ਰੈਗੂਲੇਟਰੀ ਕਮਿਸ਼ਨ, (ਅੰਦਰੂਨੀ ਮਾਲੀਆ ਸੇਵਾ) ਆਈਆਰਐੱਸ ਅਤੇ ਵਣਜ ਵਿਭਾਗ ਹੋਣਗੇ। ਰਾਮਾਸਵਾਮੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਅਸੀਂ ਪਹਿਲੇ ਦਿਨ ਤੋਂ ਇਹ ਸ਼ੁਰੂ ਕਰ ਦੇਵਾਂਗੇ, ਅਤੇ ਅਸੀਂ ਪਹਿਲੇ ਸਾਲ ਦੇ ਅਖੀਰ ਤੱਕ ਕਰਮਚਾਰੀਆਂ ਦੀ ਗਿਣਤੀ ਵਿੱਚ 50 ਫੀਸਦ ਕਟੌਤੀ ਕਰਨਾ ਚਾਹੁੰਦੇ ਹਾਂ।’’ ਉਨ੍ਹਾਂ ਕਿਹਾ, ‘‘ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਨ੍ਹਾਂ ਵਿੱਚੋਂ 30 ਫੀਸਦ ਕਰਮਚਾਰੀ ਅਗਲੇ ਪੰਜ ਸਾਲਾਂ ਵਿੱਚ ਸੇਵਾਮੁਕਤੀ ਦੀ ਉਮਰ ਤੱਕ ਪਹੁੰਚ ਜਾਣਗੇ। ਲਿਹਾਜ਼ਾ, ਇਹ ਜਾਇਜ਼ ਹੈ। ਇਸ ਬਾਰੇ ਕੋਈ ਸ਼ੱਕ ਨਹੀਂ ਹੈ ਪਰ ਇਹ ਜਿੰਨਾ ਅਜੀਬ ਲੱਗਦਾ ਹੈ, ਓਨਾ ਹੈ ਨਹੀਂ।’’ ‘ਐਕਸਿਓਸ’ ਮੁਤਾਬਕ ਰਾਮਾਸਵਾਮੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀਚਾ ਚਾਰ ਸਾਲਾਂ ਵਿੱਚ 22 ਲੱਖ ਕਰਮਚਾਰੀਆਂ ਵਿੱਚੋਂ 75 ਫੀਸਦ ਨੂੰ ਹਟਾਉਣਾ ਹੈ। ‘ਨਿਊਯਾਰਕ ਟਾਈਮਜ਼’ ਮੁਤਾਬਕ ਸੰਘੀ ਸਰਕਾਰ ਵਿੱਚ ਲਗਪਗ 22.50 ਲੱਖ ਲੋਕ ਕੰਮ ਕਰਦੇ ਹਨ। 75 ਫੀਸਦ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਹਟਾਉਣ ਦੇ ਨਤੀਜੇ ਵਜੋਂ 16 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ, ਜਿਸ ਨਾਲ ਸੰਘੀ ਬਜਟ ਵਿੱਚ ਅਰਬਾਂ ਡਾਲਰ ਦੀ ਬੱਚਤ ਹੋਵੇਗੀ। ਹਾਲਾਂਕਿ, ਇਸ ਨਾਲ ਸਰਕਾਰ ਦੇ ਅਹਿਮ ਕੰਮ ਵੀ ਰੁਕ ਜਾਣਗੇ।