ਮੁੰਬਈ:ਫਿਲਮਕਾਰ ਰਾਮ ਮਾਧਵਾਨੀ ਦੀ ਨਵੀਂ ਫਿਲਮ ‘ਧਮਾਕਾ’ ਦਾ ਟਰੇਲਰ ਅੱਜ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਾਧਵਾਨੀ ਨੇ ‘ਨੀਰਜਾ’ ਅਤੇ ਸਾਲ 2020 ਦੀ ਡਿਜ਼ਨੀ+ਹੌਟਸਟਾਰ ਦੀ ਫਿਲਮ ‘ਆਰਿਆ’ ਦਾ ਨਿਰਦੇਸ਼ਨ ਕੀਤਾ ਸੀ। ‘ਧਮਾਕਾ’ ’ਚ ਕਾਰਤਿਕ ਆਰਿਅਨ ਮੁੱਖ ਭੂਮਿਕਾ ਵਿਚ ਨਜ਼ਰ ਆਵੇਗਾ। ਇਸ ਫਿਲਮ ਵਿਚ ਕਾਰਤਿਕ ਨੇ ਅਰਜੁਨ ਪਾਠਕ ਨਾਂ ਦੇ ਨਿਊਜ਼ ਐਂਕਰ ਦਾ ਕਿਰਦਾਰ ਨਿਭਾਇਆ ਹੈ। ਉਸ ਨੂੰ ਅਤਿਵਾਦੀ ਫੋਨ ਕਰ ਕੇ ਸ਼ਹਿਰ ਵਿਚ ਧਮਾਕਾ ਕਰਨ ਦੀ ਚਿਤਾਵਨੀ ਦਿੰਦੇ ਹਨ। ਉਹ ਕਿਸੇ ਵੱਲੋਂ ਕੀਤਾ ਗਿਆ ਮਜ਼ਾਕ ਸਮਝ ਕੇ ਇਸ ਫੋਨ ਨੂੰ ਜ਼ਿਆਦਾ ਸੰਜੀਦਗੀ ਨਾਲ ਨਹੀਂ ਲੈਂਦਾ। ਇਸ ਫੋਨ ਦੀ ਅਸਲੀਅਤ ਦਾ ਪਤਾ ਉਸ ਨੂੰ ਅਤਿਵਾਦੀਆਂ ਵੱਲੋਂ ਕੀਤੇ ਇੱਕ ਧਮਾਕੇ ਮਗਰੋਂ ਲਗਦਾ ਹੈ। ਇਸ ਵਿੱਚ ਨਿਊਜ਼ਰੂਮ ਵਿਚ ਤੇਜ਼ੀ ਨਾਲ ਫ਼ੈਸਲੇ ਲੈਣ ਬਾਰੇ ਵੀ ਦਿਖਾਇਆ ਗਿਆ ਹੈ। ਇਸ ਫਿਲਮ ਦੇ ਨਿਰਮਾਣ ਲਈ ਚਾਰ ਕੰਪਨੀਆਂ ਆਰਐੱਸਵੀਪੀ ਮੂਵੀਜ਼, ਰਾਮ ਮਾਧਵਾਨੀ ਫਿਲਮਜ਼, ਲੋਟੇ ਐਂਟਰਟੇਨਮੈਂਟ ਅਤੇ ਗਲੋਬਲ ਗੇਟ ਐਂਟਰਟੇਨਮੈਂਟ ਨੇ ਯੋਗਦਾਨ ਪਾਇਆ ਹੈ। ਇਸ ਫਿਲਮ ਵਿਚ ਮ੍ਰਿਣਾਲ ਠਾਕੁਰ ਅਤੇ ਅੰਮ੍ਰਿਤਾ ਸੁਭਾਸ਼ ਵੀ ਨਜ਼ਰ ਆਉਣਗੇ। ਇਹ ਫਿਲਮ ਨੈੱਟਫਲਿਕਸ ’ਤੇ ਰਿਲੀਜ਼ ਕੀਤੀ ਜਾਵੇਗੀ।