ਨਵੀਂ ਦਿੱਲੀ, 15 ਜਨਵਰੀ
ਸਟਾਰ ਸਟ੍ਰਾਈਕਰ ਰਾਣੀ ਰਾਮਪਾਲ 25 ਜਨਵਰੀ ਤੋਂ ਆਕਲੈਂਡ ਤੋਂ ਸ਼ੁਰੂ ਹੋ ਰਹੇ ਭਾਰਤੀ ਮਹਿਲਾ ਹਾਕੀ ਟੀਮ ਦੇ ਨਿਊਜ਼ੀਲੈਂਡ ਦੌਰੇ ’ਤੇ 20 ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਅੱਜ ਟੀਮ ਦਾ ਐਲਾਨ ਕੀਤਾ ਹੈ। ਗੋਲਕੀਪਰ ਸਵਿਤਾ ਭਾਰਤੀ ਟੀਮ ਦੀ ਉਪ ਕਪਤਾਨ ਹੋਵੇਗੀ।
ਦੌਰੇ ’ਤੇ ਪਹਿਲਾ ਮੈਚ 25 ਜਨਵਰੀ ਨੂੰ ਨਿਊਜ਼ੀਲੈਂਡ ਦੀ ਨੌਜਵਾਨ ਟੀਮ ਨਾਲ ਖੇਡਿਆ ਜਾਵੇਗਾ। ਭਾਰਤੀ ਟੀਮ ਚਾਰ ਫਰਵਰੀ ਨੂੰ ਬਰਤਾਨੀਆ ਨਾਲ ਵੀ ਮੈਚ ਖੇਡੇਗੀ। ਉੱਥੇ ਹੀ ਦੌਰੇ ਦਾ ਆਖਰੀ ਮੈਚ ਪੰਜ ਫਰਵਰੀ ਨੂੰ ਨਿਊਜ਼ੀਲੈਂਡ ਨਾਲ ਖੇਡਿਆ ਜਾਵੇਗਾ। ਭਾਰਤ ਦੇ ਮੁੱਖ ਕੋਚ ਸ਼ੌਰਡ ਮਾਰਿਨ ਨੇ ਕਿਹਾ, ‘ਮੈਂ ਇਸ ਦੌਰੇ ਦੀ ਵਰਤੋਂ ਭਾਰਤੀ ਟੀਮ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਕਰਾਂਗਾ। ਅਸੀਂ 20 ਖਿਡਾਰੀ ਲੈ ਕੇ ਜਾ ਰਹੇ ਹਾਂ ਪਰ ਕੁਝ ਮੈਚਾਂ ’ਚ 16 ਖਿਡਾਰੀ ਦੀ ਮੈਦਾਨ ’ਚ ਉਤਾਰੇ ਜਾਣਗੇ ਕਿਉਂਕਿ ਓਲੰਪਿਕ ’ਚ 16 ਮੈਂਬਰੀ ਟੀਮ ਹੀ ਹੁੰਦੀ ਹੈ।’ ਉਨ੍ਹਾਂ ਕਿਹਾ, ‘ਖਿਡਾਰੀਆਂ ਨੂੰ ਦਬਾਅ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ।’ ਭਾਰਤੀ ਹਾਕੀ ਟੀਮ ’ਚ ਰਾਣੀ ਰਾਮਪਾਲ (ਕਪਤਾਨ), ਸਵਿਤਾ, ਰਜਨੀ, ਦੀਪ ਗ੍ਰੇਸ ਇੱਕਾ, ਗੁਰਜੀਤ ਕੌਰ, ਰੀਨਾ ਖੋਕਹਾਰ, ਸਲੀਮਾ ਟੇਟੇ, ਸੁਸ਼ੀਲਾ ਚਾਨੂ, ਨਿਸ਼ਾ, ਨਮਿਤਾ ਟੋਪੋ, ਉਦਿਤਾ, ਮੋਨਿਕਾ, ਲਿਲਿਮਾ ਮਿੰਜ, ਨੇਹਾ, ਸੋਨਿਕਾ, ਸ਼ਰਮਿਲਾ ਦੇਵੀ, ਨਵਦੀਪ ਕੌਰ, ਲਾਲਰੇਮਸਿਆਮੀ, ਵੰਦਣਾ ਕਟਾਰੀਆ, ਨਵਜੋਤ ਕੌਰ ਸ਼ਾਮਲ ਹਨ।