ਨਵੀਂ ਦਿੱਲੀ, ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਅੱਜ ਇੱਥੇ ਰਗਬੀ ਵਿਸ਼ਵ ਕੱਪ 2019 ਟਰਾਫੀ ਟੂਰ ਨੂੰ ਭਾਰਤ ਵਿੱਚ ਲਾਂਚ ਕਰਦਿਆਂ ਵੈਬ ਐਲਿਸ ਕੱਪ ਦਾ ਦਿੱਲੀ ਵਿੱਚ ਸਵਾਗਤ ਕੀਤਾ। ਭਾਰਤ ਰਗਬੀ ਵਰਲਡ ਕੱਪ 2019 ਟਰਾਫੀ ਟੂਰ ਦਾ ਅੱਠਵਾਂ ਗੇੜ ਹੈ ਅਤੇ ਵੈਬ ਐਲਿਸ ਕੱਪ ਹੁਣ ਦਿੱਲੀ ਤੋਂ ਮੁੰਬਈ ਅਤੇ ਭੁਵਨੇਸ਼ਵਰ ਜਾਵੇਗਾ। ਰਗਬੀ ਵਿਸ਼ਵ ਕੱਪ 2019 ਏਸ਼ਿਆ ਵਿੱਚ ਪਹਿਲੀ ਵਾਰ ਜਾਪਾਨ ਵਿੱਚ ਹੋਣਾ ਹੈ ਅਤੇ ਰਗਬੀ ਵਰਲਡ ਕੱਪ 2019 ਟਰਾਫੀ ਟੂਰ ਤਹਿਤ ਇਹ ਟਰਾਫ਼ੀ ਪਹਿਲੀ ਵਾਰ ਭਾਰਤ ਦੌਰੇ ’ਤੇ ਆਈ ਹੈ। ਰਾਠੌੜ ਨੇ ਇਸ ਮੌਕੇ ਕਿਹਾ, ‘‘ਰਗਬੀ ਵਿਸ਼ਵ ਕੱਪ ਦੀ ਪੁੱਠੀ ਗਿਣਤੀ ਸ਼ੁਰੂ ਹੈ ਅਤੇ ਵੈਬ ਐਲਿਸ ਕੱਪ ਦਾ ਭਾਰਤ ਵਿੱਚ ਸਵਾਗਤ ਕਰਦਿਆਂ ਸਾਨੂੰ ਖ਼ੁਸ਼ੀ ਹੋ ਰਹੀ ਹੈ। ਸਾਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਭਾਰਤ ਉਨ੍ਹਾਂ 18 ਮੁਲਕਾਂ ਵਿੱਚ ਸ਼ਾਮਲ ਹੈ, ਜਿਸ ਦਾ ਇਸ ਟਰਾਫੀ ਨੇ ਦੌਰਾ ਕਰਨਾ ਹੈ।’’ ਇਸ ਮੌਕੇ ਵਰਲਡ ਰਗਬੀ ਦਾ ਸੀਈਓ ਬਰੈੱਟ ਗੋਸਪਰ ਅਤੇ ਉਸ ਦੀ ਟੀਮ ਵੀ ਹਾਜ਼ਰ ਸੀ।