ਨਵੀਂ ਦਿੱਲੀ, 13 ਦਸੰਬਰ

ਬਾਰ੍ਹਾਂ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਮੰਗ ’ਤੇ ਅੜੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਰ ਕੇ ਅੱਜ ਰਾਜ ਸਭਾ ਦੀ ਮੀਟਿੰਗ ਇਕ ਵਾਰ ਮੁਲਤਵੀ ਹੋਣ ਮਗਰੋਂ 12.05 ’ਤੇ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁੜ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਕਰ ਕੇ ਸਦਨ ਵਿਚ ਸਿਫ਼ਰਕਾਲ ਅਤੇ ਪ੍ਰਸ਼ਨਕਾਲ ਦੋਵੇਂ ਨਹੀਂ ਹੋ ਸਕੇ। ਇਕ ਵਾਰ ਦੀ ਮੁਲਤਵੀ ਤੋਂ ਬਾਅਦ ਦੁਪਹਿਰ 12 ਵਜੇ ਉੱਪਰਲੇ ਸਦਨ ਦੀ ਬੈਠਕ ਸ਼ੁਰੂ ਹੋਣ ’ਤੇ ਸਦਨ ਵਿਚ ਹੰਗਾਮਾ ਜਾਰੀ ਰਿਹਾ। ਹੰਗਾਮੇ ਵਿਚਾਲੇ ਉਪ ਸਭਾਪਤੀ ਹਰੀਵੰਸ਼ ਨੇ ਪ੍ਰਸ਼ਨਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਹੰਗਾਮੇ ਵਿਚਾਲੇ ਹੀ ਸਦਨ ਦੇ ਨੇਤਾ ਪਿਯੂਸ਼ ਗੋਇਲ ਨੇ ਕਿਹਾ ਕਿ ਮੁਅੱਤਲ ਮੈਂਬਰਾਂ ਦੇ ਮੁੱਦੇ ’ਤੇ ਕਾਂਗਰਸ ਅਤੇ ਹੋਰ ਵਿਰੋਧੀ ਦਲ ਸਰਕਾਰ ’ਤੇ ਗਲਤ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਅਤੇ ਵਿਰੋਧੀ ਦਲਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਦਨ ਦੇ ਬਾਹਰ ਜੋ ਬਿਆਨ ਆ ਰਹੇ ਹਨ ਉਹ ਸਹੀ ਨਹੀਂ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਮੈਂਬਰ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਕੋਈ ਅਫ਼ਸੋਸ ਨਹੀਂ ਹੈ। ਉਪ ਸਭਾਪਤੀ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਪਰ ਅਪੀਲ ਦਾ ਅਸਰ ਨਾ ਹੁੰਦਾ ਦੇਖ ਕੇ ਉਨ੍ਹਾਂ ਪੰਜ ਮਿੰਟਾਂ ਅੰਦਰ ਹੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਸਵੇਰੇ 11.15 ਵਜੇ ਮੀਟਿੰਗ ਮੁਲਤਵੀ ਕੀਤੀ ਗਈ ਸੀ।

ਉੱਧਰ, ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਉੱਪਰਲੇ ਸਦਨ ਵਿਚ ਮਾੜੇ ਵਿਵਹਾਰ ਨੂੰ ਲੈ ਕੇ ਸਰਦਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕੀਤੇ ਗਏ ਰਾਜ ਸਭਾ ਦੇ 12 ਸੰਸਦ ਮੈਂਬਰਾਂ ਨੇ ਉਨ੍ਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੇ ਵਿਰੋਧ ਵਿਚ ਅੱਜ ਵੀ ਸੰਸਦ ਕੰਪਲੈਕਸ ਵਿਚ ਧਰਨਾ ਦਿੱਤਾ। ਉਹ 29 ਨਵੰਬਰ ਨੂੰ ਮੁਅੱਤਲ ਹੋਣ ਦੇ ਬਾਅਦ ਤੋਂ ਰੋਜ਼ਾਨਾ ਸੰਸਦ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨਾ ਦੇ ਰਹੇ ਹਨ।