ਚੰਡੀਗੜ੍ਹ : ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ ‘ਤੇ ਰੋਕ ਲਗਾ ਦਿੱਤੀ ਹੈ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਮੁੱਖ ਸਕੱਤਰ ਕੇਏਪੀ ਸਿਨਹਾ ਨੂੰ ਪੱਤਰ ਲਿਖ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 28 ਨਵੰਬਰ ਨੂੰ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਵੱਡੇ ਪ੍ਰਸ਼ਾਸਕੀ ਬਦਲਾਅ ਕੀਤੇ। ਚੋਣ ਪ੍ਰਕਿਰਿਆ ਹੁਣ ਜਾਰੀ ਹੈ – ਨਾਮਜ਼ਦਗੀਆਂ 4 ਦਸੰਬਰ ਤੱਕ ਦਾਖਲ ਕੀਤੀਆਂ ਜਾਣਗੀਆਂ ਅਤੇ ਵੋਟਿੰਗ 14 ਦਸੰਬਰ ਨੂੰ ਹੋਵੇਗੀ। ਉਮੀਦਵਾਰਾਂ ਵੱਲੋਂ ਦਾਖ਼ਲ ਨਾਮਜ਼ਦਗੀ ਦੀ ਪੜਤਾਲ 05.12.2025 (ਸ਼ੁੱਕਰਵਾਰ) ਹੋਵੇਗੀ। ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06.12.2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਹੋਵੇਗੀ। ਸਾਰੇ ਨਾਮਜ਼ਦਗੀ ਪੱਤਰਾਂ ਨਾਲ ਨਿਰਧਾਰਿਤ ਹਲਫੀਆ ਬਿਆਨ ਅਤੇ ਉਮੀਦਵਾਰ ਰਾਜਨੀਤਿਕ ਪਾਰਟੀ ਵੱਲੋਂ ਖੜ੍ਹਾ ਕੀਤੇ ਜਾਣ ਦੀ ਸੂਰਤ ਵਿੱਚ ਸਬੰਧਤ ਰਾਜਨੀਤਿਕ ਪਾਰਟੀ ਦਾ ਅਧਿਕਾਰਤ ਪੱਤਰ ਨਾਲ ਲੱਗਿਆ ਹੋਣਾ ਚਾਹੀਦਾ ਹੈ। ਚੋਣਾਂ ਦੇ ਕਾਰਨ ਨਗਰ ਨਿਗਮ ਖੇਤਰਾਂ ਨੂੰ ਛੱਡ ਕੇ ਪੂਰੇ ਰਾਜ ਵਿੱਚ ਇੱਕ ਆਦਰਸ਼ ਚੋਣ ਜ਼ਾਬਤਾ ਲਾਗੂ ਹੈ, ਜਿਸ ਦੇ ਤਹਿਤ ਸਰਕਾਰ ਕੋਈ ਤਬਾਦਲੇ ਜਾਂ ਨਿਯੁਕਤੀਆਂ ਨਹੀਂ ਕੀਤੀਆਂ ਜਾ ਸਕਦੀਆਂ।
ਇਸ ਤੋਂ ਇਲਾਵਾ ਜੇਕਰ ਸਰਕਾਰ ਨੂੰ ਕੋਈ ਜ਼ਰੂਰੀ ਤਬਾਦਲੇ ਜਾਂ ਨਿਯੁਕਤੀਆਂ ਕਰਨ ਦੀ ਲੋੜ ਹੈ, ਤਾਂ ਉਸਨੂੰ ਪਹਿਲਾਂ ਰਾਜ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਖਤਮ ਹੋਣ ਤੱਕ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਤਬਾਦਲਾ ਜਾਂ ਨਿਯੁਕਤੀ ਨਹੀਂ ਕੀਤੀ ਜਾਣੀ ਚਾਹੀਦੀ
ਦੱਸ ਦਈਏ ਕਿ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੇ ਮੈਂਬਰਾਂ ਦੀਆਂ ਆਮ ਚੋਣਾਂ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਅਜ਼ਾਦਾਨਾ ਕਰਵਾਉਣ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ।














