ਨਵੀਂ ਦਿੱਲੀ, 14 ਦਸੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਦੇਸ਼ ਦੀ ਸਰਕਾਰ ਰਾਜੀਵ ਗਾਂਧੀ ਤੋਂ ਭਾਰਤ ਰਤਨ ਦਾ ਖਿਤਾਬ ਵਾਪਸ ਨਹੀਂ ਲੈਂਦੀ, ਸ਼੍ਰੋੋਮਣੀ ਅਕਾਲੀ ਦਲ ਆਪਣਾ ਸੰਘਰਸ਼ ਜਾਰੀ ਰੱਖੇਗਾ।
ਇਥੇ ਜਾਰੀ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਰਾਜੀਵ ਗਾਂਧੀ ਨੂੰ ਭਾਰਤ ਰਤਨ ਦਾ ਖਿਤਾਬ ਦੇਣਾ ਇਸ ਖਿਤਾਬ ਦਾ ਹੀ ਅਪਮਾਨ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੀ ਬੇਨਤੀ ’ਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਈਆਂ ਹਨ ਅਤੇ ਸਿੱਖ ਬੰਦੀ ਕੈਦੀ ਰਿਹਾਅ ਕੀਤੇ ਹਨ, ਉਥੇ ਹੀ ਉਹ ਰਾਜੀਵ ਗਾਂਧੀ ਤੋਂ ਭਾਰਤ ਰਤਨ ਦਾ ਖਿਤਾਬ ਲੈਣ ਦਾ ਫੈਸਲਾ ਵੀ ਕਰੇ।
ਸ੍ਰੀ ਸਿਰਸਾ ਨੇ ਦੱਸਿਆ ਕਿ ਅਕਾਲੀ ਦਲ ਨੇ ਇਹ ਵੀ ਮੰਗ ਕੀਤੀ ਹੈ ਕਿ ਦੇਸ਼ ਭਰ ਵਿਚ ਰਾਜੀਵ ਗਾਂਧੀ ਦੇ ਨਾਂ ’ਤੇ ਜਿੰਨੇ ਵੀ ਸਕੂਲਾਂ, ਕਾਲਜਾਂ ਤੇ ਸੰਸਥਾਵਾਂ ਅਤੇ ਸੜਕਾਂ ਦੇ ਨਾਂ ਰੱਖੇ ਗਏ ਹਨ, ਉਹ ਸਾਰੇ ਨਾਂ ਬਦਲ ਕੇ ਦੇਸ਼ ਦੇ ਸਹੀ ਸਪੂਤਾਂ ਦੇ ਨਾਂ ’ਤੇ ਰੱਖੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਬਾਬਤ ਉਹ ਖੁਦ ਕੇਂਦਰ ਸਰਕਾਰ ਅਤੇ ਵੱਖ ਵੱਖ ਰਾਜ ਸਰਕਾਰਾਂ ਕੋਲ ਮੁੱਦਾ ਉਠਾਉਣਗੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਅੱਜ ਅੰਮ੍ਰਿਤਸਰ ਵਿਚ ਅਖੌਤੀ ਟਕਸਾਲੀ ਅਕਾਲੀ ਮੀਟਿੰਗ ਦੀ ਨਿਖੇਧੀ ਕਰਦਿਆਂ ਹੈਰਾਨੀ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਿਰੋਪਾਓ ਭੇਂਟ ਕਰ ਕੇ ਉਹਨਾਂ ਦਾ ਸਨਮਾਨ ਕਰਨ ਵਾਲੇ ਪਰਮਜੀਤ ਸਿੰਘ ਸਰਨਾ ਅੱਜ ਖੁਦ ਆਪਣੇ ਆਪ ਨੂੰ ਟਕਸਾਲੀ ਦੱਸ ਰਹੇ ਹਨ। ਉਹਨਾਂ ਸਵਾਲ ਕੀਤਾ ਕਿ ਕੀ ਟਕਸਾਲੀਆਂ ਦਾ ਕੰਮ ਹੈ ਕਿ ਸਿੱਖਾਂ ਦੇ ਕਾਤਲਾਂ ਨੂੰ ਸਨਮਾਨਤ ਕਰਨਾ ? ਉਹਨਾਂ ਕਿਹਾ ਕਿ ਟਕਸਾਲੀ ਉਹ ਹਨ ਜਿਹਨਾਂ ਨੇ ਇਸ ਕਤਲੇਆਮ ਦੇ ਦੋਸ਼ੀਆਂ ਖਿਲਾਫ ਸੰਘਰਸ਼ ਲੜਿਆ ਤੇ ਇਸ ਲੜਾਈ ਵਿਚ ਸਭ ਤੋਂ ਮੋਹਰੀ ਹੋ ਕੇ ਬਾਦਲ ਪਰਿਵਾਰ ਲੜਿਆ।
ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ’ਤੇ ਹੱਲਾ ਬੋਲਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਜਿਸਨੂੰ ‘ਗੋਲਕ ਚੋਰ’ ਦਾ ਖਿਤਾਬ ਹਾਸਲ ਹੋਵੇ, ਉਹ ਵੀ ਆਪਣੇ ਆਪ ਨੂੰ ਟਕਸਾਲੀ ਦੱਸ ਰਿਹਾ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ . ਦੇ ਖਿਲਾਫ ਗੋਲਕ ਚੋਰੀ ਦੀਆਂ ਧਾਰਾਵਾਂ ਅਸੀਂ ਨਹੀਂ ਜੋੜੀਆਂ ਬਲਕਿ ਅਦਾਲਤ ਨੇ ਧਾਰਾ 409 ਜੋੜ ਕੇ ਦੋਸ਼ ਤੈਅ ਕੀਤੇ ਹਨ। ਉਹਨਾਂ ਕਿਹਾ ਕਿ ਜਦੋਂ ਸਰਨਾ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਲੈ ਕੇ ਗਏ ਸਨ ਤਾਂ ਸਾਰੇ ਰਸਤੇ ਵਿਚ ਸੰਗਤ ਨੇ ਮਨਜੀਤ ਸਿੰਘ ਜੀ. ਕੇ. ਨੂੰ ਗੋਲਕ ਚੋਰ ਕਹਿ ਕੇ ਸੰਬੋਧਨ ਕੀਤਾ, ਕੀ ਇਹ ਟਕਸਾਲੀ ਹੋਣ ਦੀ ਨਿਸ਼ਾਨੀ ਹੈ ?
ਸ੍ਰੀ ਸਿਰਸਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਸੱਚੇ ਵਿਅਕਤੀਆਂ ਦੇ ਪਿੱਠ ਵਿਚ ਛੁਰੇ ਮਾਰਨ ਵਾਲੇ ਦਗਾਬਾਜ਼ ਸਮਾਜ ਵਿਚ ਰਹੇ ਹਨ ਅਤੇ ਇਸ ਵਕਤ ਜੀ. ਕੇ ਤੇ ਸਰਨਾ ਦੇ ਰੂਪ ਵਿਚ ਮੌਜੂਦ ਹਨ। ਉਹਨਾਂ ਕਿਹਾ ਕਿ ਜਿਹਨਾਂ ਨੇ ਗੁਰੂ ਘਰਾਂ ਦੀਆਂ ਗੋਲਕਾਂ ਲਈ ਬਖਸ਼ੀਆਂ, ਉਹਨਾਂ ਤੋਂ ਚੰਗੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ?