ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਐਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ SC/ST ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਰਾਜਾ ਵੜਿੰਗ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ‘ਤੇ ਜੋ ਬਿਆਨ ਦਿੱਤਾ ਸੀ ਉਸ ਆਧਾਰ ‘ਤੇ ਕਾਰਵਾਈ ਹੋਈ ਹੈ। ਕਪੂਰਥਲਾ ਪੁਲਿਸ ਨੇ ਮਰਹੂਮ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਪਰਚਾ ਦਰਜ ਕੀਤਾ ਹੈ।
ਰਾਜਾ ਵੜਿੰਗ ਵਿਰੁੱਧ BNS ਦੀ ਧਾਰਾ 353 ਅਤੇ 196 ਦੇ ਨਾਲ-ਨਾਲ ਐਸਸੀ/ਐਸਟੀ ਐਕਟ ਦੀ ਧਾਰਾ 3(1)(u) ਅਤੇ 3(1)(v) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੱਲ੍ਹ ਹੀ ‘ਆਪ’ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਸੀ ਕਿ ਵੜਿੰਗ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਬਜੋਤ ਸਿੰਘ ਸਿੱਧੂ ਨੇ ਕੱਲ੍ਹ ਕਪੂਰਥਲਾ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਰਜ ਕਰਵਾਈ ਸੀ।
ਤਰਨਤਾਰਨ ਉਪ-ਚੋਣ ਪ੍ਰਚਾਰ ਦੌਰਾਨ, ਰਾਜਾ ਵੜਿੰਗ ਨੇ ਕਾਂਗਰਸ ਦੀ ਵਡਿਆਈ ਕਰਨ ਦੀ ਕੋਸ਼ਿਸ਼ ਵਿੱਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ, ਜੋ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਸਨ, ਮਰਹੂਮ ਬੂਟਾ ਸਿੰਘ ਬਾਰੇ ਇੱਕ ਟਿੱਪਣੀ ਕੀਤੀ ਸੀ।
ਰਾਜਾ ਵੜਿੰਗ ਨੇ ਕਿਹਾ, ‘‘ ਕਾਂਗਰਸ ਪਾਰਟੀ ਨੇ ਇੱਕ ਕਾਲੇ ਆਦਮੀ ਨੂੰ, ਜੋ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਲਈ ਪੱਠੇ ਵੱਢਦਾ ਸੀ ਉਸ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਵਾਦ ਨੂੰ ਵਧਦਾ ਦੇਖ ਕੇ ਸੋਸ਼ਲ ਮੀਡੀਆ ‘ਤੇ ਸਪੱਸ਼ਟੀਕਰਨ ਜਾਰੀ ਕੀਤਾ ਸੀ। ਜਿਸ ਵਿੱਚ ਰਾਜਾ ਵੜਿੰਗ ਨੇ ਕਿਹਾ, ‘‘ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ। ਮੇਰਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਹਾਲਾਂਕਿ, ਜੇਕਰ ਕੋਈ ਨਾਰਾਜ਼ ਹੋਇਆ ਹੈ, ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।’’
ਅੱਠ ਵਾਰ ਲੋਕ ਸਭਾ ਮੈਂਬਰ ਰਹੇ ਬੂਟਾ ਸਿੰਘ 1962 ਵਿੱਚ ਮੋਗਾ ਲੋਕ ਸਭਾ ਹਲਕੇ ਤੋਂ ਸੰਸਦ ਵਿੱਚ ਪਹੁੰਚੇ ਸਨ। ਸਾਲ 1974 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਰੇਲਵੇ ਦੇ ਉਪ ਮੰਤਰੀ ਦੇ ਅਹੁਦੇ ‘ਤੇ ਤਰੱਕੀ ਦਿੱਤੀ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਰੀਬੀ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ। ਰਾਜੀਵ ਗਾਂਧੀ ਦੀ ਸਰਕਾਰ ਵਿੱਚ ਬੂਟਾ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਬਣੇ ਸਨ।














