ਜੈਪੁਰ, 29 ਸਤੰਬਰ
ਰਾਜਸਥਾਨ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਨਾਲ ਕਈ ਮੁੱਦਿਆਂ ’ਤੇ ਵਿਸਥਾਰ ’ਚ ਚਰਚਾ ਕੀਤੀ ਜੋ ਦੇਰ ਰਾਤ ਤੱਕ ਚੱਲਦੀ ਰਹੀ। ਪਾਰਟੀ ਸੂਤਰਾਂ ਮੁਤਾਬਕ ਇਹ ਮੁਲਾਕਾਤ ਇੱਥੇ ਇੱਕ ਹੋਟਲ ਵਿੱਚ ਬੁੱਧਵਾਰ ਸ਼ਾਮ ਸਮੇਂ ਸ਼ੁਰੂ ਹੋਈ ਜੋ ਤੜਕੇ 2 ਵਜੇ ਤੱਕ ਚੱਲਦੀ ਰਹੀ। ਚਰਚਾ ਦੇ ਦੌਰ ਦੌਰਾਨ ਇਹ ਕਿਆਸ-ਅਰਾਈਆਂ ਸਨ ਕਿ ਦੋ ਕੇਂਦਰੀ ਮੰਤਰੀਆਂ ਨੂੰ ਚੋਣਾਂ ਲੜਨ ਲਈ ਪੁੱਛਿਆ ਜਾ ਸਕਦਾ ਹੈ। ਮੀਟਿੰਗ ਮਗਰੋਂ ਦੋਵੇਂ ਕੇਂਦਰੀ ਮੰਤਰੀ ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋ ਗਏ ਜਦਕਿ ਇਸ ਦੌਰਾਨ ਸਥਾਨਕ ਆਰਐੱਸਐੱਸ ਆਗੂਆਂ ਨਾਲ ਕੋਈ ਮੀਟਿੰਗ ਨਹੀਂ ਹੋਈ। ਇਸ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ,‘ਮੀਟਿੰਗ ਵਿੱਚ ਚੋਣ ਰਣਨੀਤੀ ਬਾਰੇ ਚਰਚਾ ਕੀਤੀ ਗਈ।’ ਸੂਤਰਾਂ ਮੁਤਾਬਕ ਮੀਟਿੰਗ ਲਗਪਗ ਤਿੰਨ ਘੰਟਿਆਂ ਤੱਕ ਚੱਲੀ। ਪੂਨੀਆ ਤੇ ਸੰਸਦ ਮੈਂਬਰ ਰਾਜਵਰਧਨ ਰਾਠੌਰ ਪਹਿਲੇ ਰਾਊਂਡ ਮਗਰੋਂ ਚਲੇ ਗਏ ਜਦਕਿ ਦੋਵਾਂ ਕੇਂਦਰੀ ਮੰਤਰੀਆਂ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐੱਲ ਸੰਤੋਸ਼, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਨਿਤਨਿ ਪਟੇਲ, ਅਰੁਨ ਸਿੰਘ, ਕੁਲਦੀਪ ਵਿਸ਼ਨੋਈ ਤੇ ਵਿਜਯਾ ਰਾਹਤਕਰ ਸਮੇਤ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਇਹ ਸੁਨੇਹਾ ਸਪੱਸ਼ਟ ਤੌਰ ’ਤੇ ਦਿੱਤਾ ਗਿਆ ਕਿ ਪਾਰਟੀ ਦਾ ਏਕਾ ਸਭ ਤੋਂ ਅਹਿਮ ਹੈ ਤੇ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਸਾਰਿਆਂ ਨੂੰ ਰਲ ਕੇ ਕੰਮ
ਕਰਨਾ ਪਵੇਗਾ। ਸੂਤਰਾਂ ਮੁਤਾਬਕ ਭਾਜਪਾ ਦੀ ਰਾਜਸਥਾਨ ਇਕਾਈ ਨੇ ਕਿਹਾ ਕਿ ਕੁਝ ਸੰਸਦ ਮੈਂਬਰਾਂ ਦੇ ਨਾਲ-ਨਾਲ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਖੜ੍ਹਾ ਕੀਤਾ ਜਾ ਸਕਦਾ ਹੈ।