ਜੋਧਪੁਰ, 9 ਦਸੰਬਰ

ਰਾਜਸਥਾਨ ਦੇ ਜੋਧਪੁਰ ਵਿੱਚ ਘਰ ਵਿੱਚ ਐੱਲਪੀਜੀ ਸਿਲੰਡਰ ਫਟਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 49 ਜ਼ਖ਼ਮੀ ਹੋ ਗਏ। ਵਿਆਹ ਸਮਾਗਮ ਲਈ ਇਸ ਘਰ ਵਿੱਚ ਲੋਕ ਇਕੱਠੇ ਹੋਏ ਸਨ। ਸ਼ੇਰਗੜ੍ਹ ਉਪਮੰਡਲ ਦੇ ਪਿੰਡ ਭੂੰਗੜਾ ਵਿੱਚ ਬੀਤੀ ਦੁਪਹਿਰ ਹੋਏ ਧਮਾਕੇ ਕਾਰਨ ਮਕਾਨ ਦਾ ਇੱਕ ਹਿੱਸਾ ਵੀ ਢਹਿ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਜ਼ਖ਼ਮੀ 80 ਤੋਂ 100 ਫੀਸਦੀ ਸੜ ਗਏ ਹਨ। ਲਾੜੇ ਸੁਰਿੰਦਰ ਸਿੰਘ ਦੇ ਘਰ ਮਹਿਮਾਨ ਇਕੱਠੇ ਹੋਏ ਸਨ ਅਤੇ ਉਨ੍ਹਾਂ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਸੀ, ਜਦੋਂ ਘਰ ਦੇ ਸਟੋਰ ਰੂਮ ਵਿੱਚ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਗੈਸ ਲੀਕ ਹੋਣ ਕਾਰਨ ਫਟ ਗਿਆ।