ਜੈਪੁਰ, 28 ਸਤੰਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਦੇ ਲੋਕਾਂ ਨੂੰ ਇਹ ਗਾਰੰਟੀ ਦਿੱਤੀ ਜਾਣੀ ਹੈ ਕਿ ਜੇਕਰ ਰਾਜ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਹ ਮੌਜੂਦਾ ਕਾਂਗਰਸ ਸਰਕਾਰ ਦੀ ਕੋਈ ਵੀ ਯੋਜਨਾ ਬੰਦ ਨਹੀਂ ਕਰਨਗੇ। ਗਹਿਲੋਤ ਨੇ ਇੱਥੇ ਆਪਣੇ ਨੌ ਦਿਨਾਂ ਜਨ ਸੰਪਰਕ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਨ੍ਹਾਂ (ਸ੍ਰੀ ਮੋਦੀ) ਨੂੰ ਇਹ ਗਾਰੰਟੀ ਦੇਣ ਮਗਰੋਂ ਹੀ ਇੱਥੇ ਚੋਣ ਪ੍ਰਚਾਰ ਅਤੇ ਵੋਟਾਂ ਮੰਗਣ ਲਈ ਆਉਣਾ ਚਾਹੀਦਾ ਹੈ। ਆਗਾਮੀ ਚੋਣਾਂ ਵਾਲੇ ਸੂਬੇ ’ਚ ਕੇਂਦਰੀ ਮੰਤਰੀਆਂ ਦੇ ਦੌਰੇ ’ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਨੇ ਕਥਿਤ ਦੋਸ਼ ਲਾਇਆ ਕਿ ਉਨ੍ਹਾਂ ਕੋਲ ਦਿੱਲੀ ਵਿੱਚ ਕੋਈ ਕੰਮ ਨਹੀਂ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ‘‘ਨਵਾਂ ਤੰਤਰ ਸ਼ੁਰੂ ਕੀਤਾ ਹੈ ਜਿੱਥੇ ਕੰਮ ਪੂਰਾ ਕਰਨ ਲਈ ਆਰਐੱਸਐੱਸ ਅਹੁਦੇਦਾਰ ਵਿਭਾਗਾਂ ’ਚ ਬੈਠਦੇ ਹਨ।’’ ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪਹਿਲਾਂ ਸੂਬੇ ਵਿੱਚ ਲੋਕ ਭਲਾਈ ਸਕੀਮਾਂ ਨੂੰ ਕੇਂਦਰੀ ਪੱਧਰ ’ਤੇ ਲਾਗੂ ਕਰਨਾ ਚਾਹੀਦਾ ਹੈ ਅਤੇ ਫਿਰ ਵੋਟਾਂ ਮੰਗਣੀਆਂ ਚਾਹੀਦੀਆਂ ਹਨ।
ਗਹਿਲੋਤ ਨੇ ਆਖਿਆ, ‘‘ਮੈਂ, ਪ੍ਰਧਾਨ ਮੰਤਰੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਜਦੋਂ ਵੀ ਤੁਸੀਂ ਅਗਲੀ ਵਾਰ ਸੂਬੇ ’ਚ ਆਓ, ਕਿਉਂਕਿ ਅੱਜ ਕੱਲ੍ਹ ਤੁਸੀਂ ਗਾਰੰਟੀਆਂ ਦੇ ਰਹੇ ਹੋ, ਤਾਂ ਗਾਰੰਟੀ ਦਿਓ ਕਿ ਜੇ (ਭਾਜਪਾ) ਸਰਕਾਰ ਬਣਦੀ ਹੈ ਤਾਂ ਸਾਡੇ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਬੰਦ ਨਹੀਂ ਕੀਤੀਆਂ ਜਾਣਗੀਆਂ।’’ ਇਸ ਮੌਕੇ ਗਹਿਲੋਤ ਨੇ ਪ੍ਰਧਾਨ ਮੰਤਰੀ ’ਤੇ ਵਿਅੰਗ ਕੱਸਦਿਆਂ ਕਿ ਉਹ ਮਾਰਕੀਟਿੰਗ ਦੇ ‘ਉਸਤਾਦ’ ਹਨ। ਇਸ ਦੌਰਾਨ ਉਨ੍ਹਾਂ ਉਪ ਰਾਸ਼ਟਰਪਤੀ ਦੇ ਰਾਜਸਥਾਨ ਦੇ ਵਾਰ-ਵਾਰ ਕੀਤੇ ਜਾ ਰਹੇ ਦੌਰਿਆਂ ’ਤੇ ਵੀ ਸਵਾਲ ਚੁੱਕੇ।