ਭਿਵਾੜੀ : ਰਾਜਸਥਾਨ ਦੇ ਭਿਵਾੜੀ ਸਥਿਤ ਖੁਸ਼ਖੇੜਾ ਉਦਯੋਗਿਕ ਖੇਤਰ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਬਚਾਅ ਟੀਮਨੇ ਫੈਕਟਰੀ ਦੇ ਅੰਦਰੋਂ ਸੱਤ ਕਰਮਚਾਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ ਇੱਕ ਵਿਅਕਤੀ ਦੀ ਮੌਤ ਦਿੱਲੀ ਦੇ ਏਮਜ਼ (AIIMS) ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਤੋਂ ਬਾਅਦ ਹੋ ਗਈ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ।
ਘਟਨਾ ਸਮੇਂ ਲਗਭਗ 25 ਮਜ਼ਦੂਰ ਕੰਮ ਕਰ ਰਹੇ ਸਨ। ਇਹ ਹਾਦਸਾ ਸੋਮਵਾਰ ਸਵੇਰੇ 9:30 ਵਜੇ ਦੇ ਕਰੀਬ ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ਵਿੱਚ ਵਾਪਰਿਆ। ਖੁਸ਼ਖੇੜਾ ਉਦਯੋਗਿਕ ਖੇਤਰ ਦੇ ਪਲਾਟ ਜੀ-1-118 ਬੀ ਵਿੱਚ ਸੋਮਵਾਰ ਸਵੇਰੇ ਅਚਾਨਕ ਅੱਗ ਭੜਕ ਉੱਠੀ। ਦੱਸਿਆ ਜਾ ਰਿਹਾ ਹੈ ਕਿ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰ ਲਿਆ ਅਤੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਤੇਜ਼ ਸੀ ਕਿ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀ, ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ, ਬਚਾਅ ਦਲ ਅਤੇ ਮੈਡੀਕਲ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਅੱਗ ‘ਤੇ ਕਾਬੂ ਪਾਉਣ ਦੇ ਨਾਲ-ਨਾਲ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਮੁਹਿੰਮ ਚਲਾਈ ਗਈ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ। ਕਈ ਲਾਸ਼ਾਂ ਦੇ ਸਿਰਫ਼ ਕੰਕਾਲ ਹੀ ਬਚੇ ਹਨ। ਸਰੀਰ ਦੇ ਅੰਗਾਂ ਦੇ ਟੁਕੜੇ ਖਿੰਡੇ ਹੋਏ ਮਿਲੇ। ਬਚਾਅ ਟੀਮ ਨੇ ਇਨ੍ਹਾਂ ਟੁਕੜਿਆਂ ਨੂੰ ਪਾਲੀਥੀਨ ਵਿੱਚ ਇਕੱਠਾ ਕੀਤਾ।
ਏਡੀਐਮ ਸੁਮਿਤਾ ਮਿਸ਼ਰਾ ਨੇ ਕਿਹਾ, “ਪੁਲਿਸ ਨੂੰ ਗਸ਼ਤ ਦੌਰਾਨ ਇਸ ਘਟਨਾ ਦਾ ਪਤਾ ਲੱਗਾ। ਜਿਸ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।” ਫੈਕਟਰੀ ਮਾਲਕ ਦਾ ਨਾਮ ਰਾਜੇਂਦਰ ਹੈ। ਫਿਲਹਾਲ ਫੋਰੈਂਸਿਕ ਟੀਮ ਅਤੇ ਇੱਕ ਮੋਬਾਈਲ ਪ੍ਰਯੋਗਸ਼ਾਲਾ ਘਟਨਾ ਸਥਾਨ ‘ਤੇ ਮੌਜੂਦ ਹੈ, ਅਤੇ ਫੈਕਟਰੀ ਤੋਂ ਨਮੂਨੇ ਲਏ ਜਾ ਰਹੇ ਹਨ।














