ਜੈਪੁਰ, ਗੈਂਗਸਟਰ ਵਿੱਕੀ ਗੌਂਡਰ ਅਤੇ 2016 ਦੇ ਨਾਭਾ ਜੇਲ੍ਹ ਕਾਂਡ ਦੇ ਸਰਗਨਾ ਪ੍ਰੇਮਾ ਲਾਹੌਰੀਆ ਦੇ ਰਾਜਸਥਾਨ ਵਿੱਚ ਪੁਲੀਸ ਮੁਕਾਬਲੇ ਦੌਰਾਨ ਮਾਰੇ ਜਾਣ ਦੀ ਮੈਜਿਸਟਰੇਟੀ ਜਾਂਚ ਅੱਜ ਸ਼ੁਰੂ ਹੋ ਗਈ। ਗੌਂਡਰ ਅਤੇ ਲਾਹੌਰੀਆ ਰਾਜਸਥਾਨ ਦੇ ਪੱਕੀ ਪਿੰਡ ਵਿੱਚ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਸੀ, ਜਦੋਂ ਕਿ ਇਕ ਹੋਰ ਅਪਰਾਧੀ ਸਵਿੰਦਰ ਸਿੰਘ ਜ਼ਖਮੀ ਹੋ ਗਿਆ ਸੀ ਜਿਸ ਦੀ ਇਲਾਜ ਦੌਰਾਨ ਕੁਝ ਦਿਨ ਬਾਅਦ ਮੌਤ ਹੋ ਗਈ।
ਵਧੀਕ ਐਸਪੀ ਸੁਰਿੰਦਰ ਸਿੰਘ ਰਾਠੌੜ ਨੇ ਦੱਸਿਆ, ‘‘ਮੈਜਿਸਟਰੇਟੀ ਜਾਂਚ ਪੁਲੀਸ ਮੁਕਾਬਲੇ ਦੌਰਾਨ ਸੁਪਰੀਮ ਕੋਰਟ ਦੇ ਨੇਮਾਂ ਦੀ ਪਾਲਣ ਕੀਤੇ ਜਾਣ ਨੂੰ ਚੈੱਕ ਕਰਨ ਲਈ ਕੀਤੀ ਜਾਵੇਗੀ। ’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਵਸਨੀਕਾਂ ਦੇ ਬਿਆਨ ਕਲਬੰਦ ਕੀਤੇ। ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਵੀ ਬਿਆਨ ਲੈਣ ਲਈ ਸੰਮਨ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਲਖਵਿੰਦਰ ਸਿੰਘ ਲੱਖਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮੁਕਾਬਲੇ ਦੌਰਾਨ ਵਰਤੇ ਗਏ ਹਥਿਆਰਾਂ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।
ਗੌਂਡਰ ਹਥਿਆਰਬੰਦ ਵਿਅਕਤੀਆਂ ਵੱਲੋਂ ਨਾਭਾ ਜੇਲ੍ਹ ਤੋਂ ਆਜ਼ਾਦ ਕਰਾਏ ਛੇ ਕੈਦੀਆਂ ਵਿੱਚ ਸ਼ਾਮਲ ਸੀ। ਨਾਭਾ ਜੇਲ੍ਹ ਵਿੱਚੋਂ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰ ਸਿੰਘ (ਦੋਵੇਂ ਅਤਿਵਾਦੀ), ਗੈਂਗਸਟਰ ਅਮਨ ਧੋਤੀਆਂ, ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ ਅਤੇ ਨੀਤਾ ਦਿਓਲ ਫਰਾਰ ਹੋਏ ਸਨ। ਗੌਂਡਰ ਰਾਜਸਥਾਨ ਪੁਲੀਸ ਨੂੰ ਵੀ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਉਸ ’ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ।
ਗੌਂਡਰ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦੇਣ ਦੇ ਦੋਸ਼ ਹੇਠ ਤਿੰਨ ਕਾਬੂ
ਜਗਰਾਉਂ , ਪੁਲੀਸ ਨੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਪੁਲੀਸ ਮੁਕਾਬਲੇ ਵਿੱਚ ਹੋਈ ਮੌਤ ਉਪਰੰਤ ਪੁਲੀਸ ਨੂੰ ਸੋਸ਼ਲ ਮੀਡੀਆ ਰਾਹੀਂ ਬਦਲਾ ਲੈਣ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਸੱਤ ਮੈਂਬਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਅਤੇ ਇਨੋਵਾ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅਰਪਿਤ ਸ਼ੁਕਲਾ ਆਈ.ਪੀ.ਐਸ, ਆਈ.ਜੀ.ਪੀ. ਜਲੰਧਰ ਜ਼ੋਨ ਅਤੇ ਗੁਰਸ਼ਰਨ ਸਿੰਘ ਸੰਧੂ ਡੀ.ਆਈ.ਜੀ. ਲੁਧਿਆਣਾ ਵੱਲੋਂ ਜਗਰਾਉਂ ਪੁਲੀਸ ਦੇ ਸੀਨੀਅਰ ਪੁਲੀਸ ਕਪਤਾਨ ਸੁਰਜੀਤ ਸਿੰਘ ਦੀ ਹਾਜ਼ਰੀ ਵਿੱਚ ਕੀਤੀ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪੁਲੀਸ ਮੁਕਾਬਲੇ ’ਚ ਮਾਰੇ ਜਾਣ ਉਪਰੰਤ ਉਨ੍ਹਾਂ ਦੇ ਕੁਝ ਸਾਥੀ ਪੁਲੀਸ ਨੂੰ ਸੋਸ਼ਲ ਮੀਡੀਏ ਰਾਹੀਂ ਦੋਵਾਂ ਗੈਂਗਸਟਰਾਂ ਦੀ ਮੌਤ ਦਾ ਬਦਲਾ ਲੈਣ ਦੀਆਂ ਧਮਕੀਆਂ ਦੇ ਰਹੇ ਸਨ। ਇਸ ਸਬੰਧ ਵਿੱਚ ਦਿਹਾਤੀ ਪੁਲੀਸ ਵੱਲੋਂ ਤਿਆਰ ਕੀਤਾ ਵਿਸ਼ੇਸ਼ ਸੈੱਲ ਕਈ ਦਿਨਾਂ ਤੋਂ ਕੰਮ ਕਰ ਰਿਹਾ ਸੀ। ਮੁਖਬਰੀ ਦੇ ਆਧਾਰ ’ਤੇ ਪੁਲੀਸ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਤਲਵੰਡੀ ਖੁਰਦ, ਕਾਰਜਪਾਲ ਸਿੰਘ ਵਾਸੀ ਬਸਤੀ ਪੰਜਾਬ ਸਿੰਘ ਵਾਲਾ ਜੀਰਾ, ਕਰਤਾਰ ਸਿੰਘ ਵਾਸੀ ਸਜਾਦੀ, ਗੁਰਿੰਦਰ ਸਿੰਘ ਉਰਫ ਰਾਮੂਵਾਲੀਆ ਵਾਸੀ ਮੱਲਾਂਵਾਲਾ, ਗੁਰਜੀਤ ਸਿੰਘ ਉਰਫ ਗੋਪੀ ਵਾਸੀ ਬਡਾਲਾ, ਰੂਬੀ ਵਾਸੀ ਜੀਰਾ, ਸੱਤੀ ਵਾਸੀ ਆਤਮ ਨਗਰ ਲੁਧਿਆਣਾ ਦੇ ਖ਼ਿਲਾਫ਼ ਥਾਣਾ ਸਦਰ ਵਿੱਚ 30 ਜਨਵਰੀ ਨੂੰ ਇੱਕ ਕੇਸ ਦਰਜ ਕੀਤਾ ਸੀ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਕੇਂਦਰਾਂ ’ਤੇ ਪੁਲੀਸ ਨੇ ਵਿਸ਼ੇਸ਼ ਨਾਕੇ ਲਗਾਏ ਸਨ। ਨਾਕਾਬੰਦੀ ਦੌਰਾਨ ਟੀ.ਪੁਆਇੰਟ ਗਾਲਿਬ ਕਲਾਂ ’ਤੇ ਪੁਲੀਸ ਨੇ ਇੱਕ ਇਨੋਵਾ ਗੱਡੀ (ਪੀ.ਬੀ.13-1717) ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ। ਗੱਡੀ ਵਿੱਚੋਂ 500 ਗ੍ਰਾਮ ਹੀਰੋਇਨ, 6 ਪਿਸਤੌਲਾਂ ਬਰਾਮਦ ਕੀਤੀਆਂ ਹਨ। ਇਸ ਗੱਡੀ ’ਚ ਸਵਾਰ ਗੁਰਪ੍ਰੀਤ ਸਿੰਘ, ਕਾਰਜਪਾਲ ਸਿੰਘ ਅਤੇ ਗੁਰਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਕਾਰਜਪਾਲ ਸਿੰਘ ਮਾਰੇ ਗਏ ਗੈਂਗਸਟਰ ਪ੍ਰੇਮਾ ਲਾਹੌਰੀਆ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਗੁਰਿੰਦਰ ਰਾਮੂਵਾਲੀਆਂ ਡੱਬਵਾਲੀ ਵਿਖੇ ਪੁਲੀਸ ਘੇਰੇ ਦੌਰਾਨ ਆਪਣੇ ਆਪ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਨਿਸ਼ਾਨ ਰੁਕਣਾ ਬੇਗੂ ਦੇ ਚਾਚੇ ਦਾ ਲੜਕਾ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਪਰਮਿੰਦਰ ਉਰਫ ਟਾਈਗਰ ਵਾਸੀ ਚੋਹਲਾ ਸਾਹਿਬ ਨਾਲ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ ਅਤੇ ਇਹ ਟੋਲਾ ਟਾਈਗਰ, ਦਿਲਪ੍ਰੀਤ, ਨੀਟਾ ਦਿਊਲ ਅਤੇ ਗੁਰਪ੍ਰੀਤ ਸੇਖੋ ਦੇ ਕੇਸਾਂ ਦੀ ਪੈਰਵਾਈ ਅਤੇ ਸ਼ੇਰਾ ਖੁੰਮਣ ਗਰੁੱਪ ਦੀ ਫੇਸਬੁੱਕ ਆਈ.ਡੀ.ਆਪਰੇਟ ਕਰਦੇ ਸਨ।
ਐਸ.ਐੈਸ.ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਜਿਸ ਫੋਨ ਰਾਹੀਂ ਇਨ੍ਹਾਂ ਨੇ ਸ਼ੋਸਲ ਮੀਡੀਏ ’ਤੇ ਪੁਲੀਸ ਤੋਂ ਬਦਲਾ ਲੈਣ ਦੀਆਂ ਧਮਕੀਆਂ ਭਰੇ ਸੁਨੇਹੇ ਪਾਏ ਹਨ, ਪੁਲੀਸ ਨੇ ਉਹ ਫੋਨ ਵੀ ਬਰਾਮਦ ਕਰ ਲਿਆ ਹੈ। ਆਈ.ਜੀ. ਅਰਪਿਤ ਸ਼ੁਕਲਾ ਨੇ ਆਖਿਆ ਕਿ ਗੈਂਗਸਟਰ ਗਰੋਹ ਦੇ ਦੂਸਰੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਫੜੇ ਗਏ ਮੁਲਜ਼ਮਾਂ ਕੋਲੋ ਅਹਿਮ ਖੁਲਾਸੇ ਹੋਣ ਦੀ ਆਸ ਹੈ।