ਮੁੰਬਈ: ਸੂਰਜ ਬੜਜਾਤੀਆ ਦਾ ਪੁੱਤਰ ਅਵਨੀਸ਼ ਆਪਣੀ ਪਹਿਲੀ ਫਿਲਮ ‘ਦੋਨੋ’ ਨਿਰਦੇਸ਼ਿਤ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਅਦਾਕਾਰ ਸਨੀ ਦਿਓਲ ਦੇ ਪੁੱਤਰ ਰਾਜਵੀਰ ਅਤੇ ਅਦਾਕਾਰਾ ਪੂਨਮ ਢਿੱਲੋਂ ਦੀ ਬੇਟੀ ਪਾਲੋਮਾ ਦੀ ਵੀ ਪਹਿਲੀ ਫਿਲਮ ਹੋਵੇਗੀ। ਇਸ ਸਬੰਧੀ ਅੱਜ ਸਨੀ ਦਿਓਲ ਨੇ ਆਪਣੇ ਪੁੱਤਰ ਦੀ ਫਿਲਮ ਦਾ ਪੋਸਟਰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਰਾਜਵੀਰ ਤੇ ਪਾਲੋਮਾ ਸਮੁੰਦਰ ਕਿਨਾਰੇ ਬੈਠੇ ਦਿਖਾਈ ਦੇ ਰਹੇ ਹਨ ਤੇ ਢਲਦੇ ਸੂਰਜ ਦੀ ਰੋਸ਼ਨੀ ਉਨ੍ਹਾਂ ’ਤੇ ਪੈ ਰਹੀ ਹੈ। ਪੋਸਟਰ ਵਿੱਚ ਦੋਵਾਂ ਦੀ ਪਿੱਠ ਦਿਖਾਈ ਦੇ ਰਹੀ ਹੈ। ਪੋਸਟਰ ਸਾਂਝਾ ਕਰਦਿਆਂ ਸਨੀ ਦਿਓਲ ਨੇ ਕਿਹਾ, ‘ਪੋਸਟਰ ਸਾਂਝਾ ਕਰ ਰਿਹਾ ਹਾਂ, ਇੱਕ ਨਵੀਂ ਸ਼ੁਰੂਆਤ ਦਾ…‘ਦੋਨੋ’। ਟੀਜ਼ਰ 25 ਨੂੰ ਰਿਲੀਜ਼ ਕੀਤਾ ਜਾ ਰਿਹੈ।’ ਜ਼ਿਕਰਯੋਗ ਹੈ ਕਿ ਰਾਜਸ੍ਰੀ ਪ੍ਰੋਡਕਸ਼ਨਜ਼ ਨੂੰ ਇਸ 27 ਜੁਲਾਈ ਨੂੰ 75 ਸਾਲ ਪੂਰੇ ਹੋ ਜਾਣਗੇ। ਇਸ ਮੌਕੇ ਪ੍ਰੋਡਕਸ਼ਨ ਹਾਊਸ ਵੱਲੋਂ ਆਪਣੀ 59ਵੀਂ ਫਿਲਮ ‘ਦੋਨੋ’ ਦਾ ਐਲਾਨ ਕੀਤਾ ਗਿਆ ਹੈ। ਪਹਿਲੀ ਵਾਰ ਇਕੱਲਿਆਂ ਨਿਰਦੇਸ਼ਨ ਕਰ ਰਿਹਾ ਅਵਨੀਸ਼ ਇਸ ਫਿਲਮ ਰਾਹੀਂ ਦੋ ਨਵੇਂ ਚਿਹਰਿਆਂ ਨਾਲ ਇੱਕ ਨਵੀਂ ਪ੍ਰੇਮ ਕਹਾਣੀ ਬਿਆਨੇਗਾ।