ਰਾਜਪੁਰਾ, 24 ਫਰਵਰੀ
ਹਲਕਾ ਰਾਜਪੁਰਾ ਅਧੀਨ ਪਿੰਡ ਬਨਵਾੜੀ ਦਾ ਵਸਨੀਕ ਨੌਜਵਾਨ ਅਭਿਨੰਦਨ ਪੁੱਤਰ ਕਾਕਾ ਰਾਮ ਯੂਕਰੇਨ ਵਿਚ ਫਸ ਗਿਆ ਹੈ। ਨੌਜਵਾਨ ਸਟੱਡੀ ਵੀਜ਼ਾ ‘ਤੇ ਗਿਆ ਸੀ। ਇਸ ਸਬੰਧੀ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਨਵੰਬਰ 2020 ਵਿਚ ਉਨ੍ਹਾਂ ਦਾ 22 ਸਾਲਾਂ ਪੁੱਤਰ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਲਈ ਯੂਕਰੇਨ ਗਿਆ ਸੀ। ਅਭਿਨੰਦਨ ਨਾਲ ਉਨ੍ਹਾਂ ਦੀ ਫ਼ੋਨ ਉੱਪਰ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਅਭਿਨੰਦਨ ਨੇ ਵੀ ਉਸ ਨੂੰ ਵਾਪਸ ਭਾਰਤ ਲਿਆਉਣ ਦੀ ਗੱਲ ਕਹੀ ਹੈ। ਕਾਕਾ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਭਾਰਤ ਲਿਆਉਣ ਲਈ ਉਸ ਦੀ ਟਿਕਟ (25 ਫਰਵਰੀ) ਬੁੱਕ ਕਰਵਾਈ ਸੀ ਪਰ ਹੁਣ ਪਤਾ ਲੱਗਿਆ ਹੈ ਕਿ ਯੂਕਰੇਨ ਵਿਚ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਉਨ੍ਹਾਂ ਦੀ ਚਿੰਤਾ ਹੋਰ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸੰਕਟ ਦੇ ਸਮੇਂ ਵਿਚ ਜਹਾਜ਼ਾਂ ਦੀਆਂ ਟਿਕਟਾਂ ਦੁੱਗਣੀਆਂ ਕਰ ਦਿੱਤੀਆਂ ਗਈਆਂ ਹਨ। ਪਹਿਲਾਂ, ਜੋ ਟਿਕਟ 25-30 ਹਜ਼ਾਰ ਦੀ ਹੁੰਦੀ ਸੀ, ਹੁਣ ਉਨ੍ਹਾਂ ਨੇ ਉਹੀ 70 ਹਜ਼ਾਰ ਵਿਚ ਬੁੱਕ ਕਰਵਾਈ ਹੈ ਪਰ ਇਸ ਦਾ ਵੀ ਕੋਈ ਲਾਭ ਨਹੀਂ ਹੋਇਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਬੀਮਾ ਕੰਪਨੀ ਵਿਚ ਕੰਮ ਕਰਦੇ ਹਨ ਅਤੇ ਆਪਣੇ ਪੁੱਤਰ ਨੂੰ ਆਪਣੇ ਖ਼ਰਚੇ ‘ਤੇ ਭਾਰਤ ਲਿਆਉਣ ਦੇ ਸਮਰਥ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਨੂੰ ਵਾਪਸ ਭਾਰਤ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ।