ਚੰਡੀਗੜ੍ਹ: ਪੰਜਾਬ ਦਾ ਬਜਟ ਸੈਸ਼ਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸੰਬੋਧਨ ਨਾਲ ਸ਼ੁਰੂ ਹੋ ਗਿਆ ਹੈ। ਬਜਟ ਸੰਬੋਧਨ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਾਲ 2025-26 ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਦਵਾਈਆਂ ਦੀ ਖਰੀਦ ਲਈ 200 ਕਰੋੜ ਰੁਪਏ ਖਰਚੇ ਜਾਣ ਦਾ ਅਨੁਮਾਨ ਹੈ। ਨਾਲ ਹੀ ਹੁਸ਼ਿਆਰਪੁਰ, ਕਪੂਰਥਲਾ ਅਤੇ ਮਲੇਰਕੋਟਲਾ ਵਿੱਚ ਮੈਡੀਕਲ ਕਾਲਜ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਐਸ.ਬੀ.ਐਸ. ਵਿੱਚ ਮੈਡੀਕਲ ਕਾਲਜ ਦਾ ਕੰਮ ਸ਼ੁਰੂ ਕਰਨ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਦੇ ਭਾਸ਼ਣ ਵਿਚ ਵਿਘਨ ਪਾ ਕੇ ਸਰਕਾਰ ਦੇ ਬਜਟ ਦੀ ਰੂਪ-ਰੇਖਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਸਾਨਾਂ ਨੂੰ ਹਿਰਾਸਤ ‘ਚ ਲੈਣ ਅਤੇ ਕਰਨਲ ਦੇ ਬੇਟੇ ‘ਤੇ ਹਮਲੇ ਦਾ ਮੁੱਦਾ ਉਠਾਇਆ ਹੈ।
ਕਾਂਗਰਸੀ ਵਿਧਾਇਕਾਂ ਨੇ ਹੱਥਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਰਾਜਪਾਲ ਦੇ ਸੰਬੋਧਨ ਦੌਰਾਨ ਸਰਕਾਰ ਦੇ ਬਜਟ ਅਤੇ ਸੂਬੇ ਦੀ ਮੌਜੂਦਾ ਸਥਿਤੀ ‘ਤੇ ‘ਮੁਰਦਾਬਾਦ’ ਦੇ ਨਾਅਰੇ ਲਗਾਏ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕਾਂ ਨੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾਏ ਹਨ। ਵਿਰੋਧੀ ਧਿਰ ਦੇ ਨੇਤਾ ਬਾਜਵਾ ਅਤੇ ਸਾਰੇ ਵਿਧਾਇਕ ਵੈੱਲ ‘ਤੇ ਪਹੁੰਚੇ, ਜਿਸ ਤੋਂ ਬਾਅਦ ਸਥਿਤੀ ਵਿਗੜਦੀ ਦੇਖ ਮਾਰਸ਼ਲਾਂ ਨੂੰ ਬੁਲਾਇਆ ਗਿਆ। ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕੀਤਾ।