ਤਿਰੂਵਨੰਤਪੁਰਮ, 9 ਨਵੰਬਰ
ਕੇਰਲ ਦੀ ਉਚੇਰੀ ਸਿੱਖਿਆ ਮੰਤਰੀ ਆਰ. ਬਿੰਦੂ ਨੇ ਅੱਜ ਕਿਹਾ ਕਿ ਐੱਲਡੀਐੱਫ ਸਰਕਾਰ ਆਰਡੀਨੈਂਸ ਰਾਹੀਂ ਰਾਜ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਰਾਜਪਾਲ ਦੀ ਥਾਂ ਮਾਹਿਰ ਸਿੱਖਿਆਸ਼ਾਸਤਰੀਆਂ ਨੂੰ ਨਿਯੁਕਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿੱਚ ਇਸ ਸਬੰਧੀ ਆਰਡੀਨੈਂਸ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਾਜ ਸਰਕਾਰ ਦਾ ਇਹ ਕਦਮ ਯੂਨੀਵਰਸਿਟੀਆਂ ਵਿੱਚ ਵਾਈਸ-ਚਾਂਸਲਰ ਦੀ ਨਿਯੁਕਤੀ ਸਮੇਤ ਹੋਰ ਕਈ ਮਾਮਲਿਆਂ ਸਬੰਧੀ ਰਾਜਪਾਲ ਅਤੇ ਰਾਜ ਸਰਕਾਰ ਦੇ ਵਿਚਕਾਰ ਟਕਰਾਅ ਦੇ ਦੌਰਾਨ ਆਇਆ ਹੈ।
ਬਿੰਦੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਇਹ ਫੈਸਲਾ ਸੂਬੇ ਵਿੱਚ ਉੱਚ ਸਿੱਖਿਆ ਅਤੇ ਯੂਨੀਵਰਸਿਟੀਆਂ ਨੂੰ ਬਿਹਤਰ ਬਣਾਉਣ ਲਈ ਲਿਆ ਹੈ। ਸਵਾਲ ਦੇ ਜਵਾਬ ਵਿੱਚ ਕੀ ਰਾਜਪਾਲ ਆਰਿਫ ਮੁਹੰਮਦ ਖਾਨ ਆਰਡੀਨੈਂਸ ‘ਤੇ ਦਸਤਖਤ ਕਰਨਗੇ, ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰਾਜਪਾਲ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਅਨੁਸਾਰ ਕੰਮ ਕਰਨਗੇ।