ਫਤਿਹਗੜ੍ਹ ਸਾਹਿਬ, 29 ਅਗਸਤ

‘ਆਪ’ ਦੇ ਕਾਰਜਕਾਰੀ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਚਿਤਾਵਨੀ ਵਾਲੇ ਬਿਆਨ ਤੋਂ ਭਾਜਪਾ ਦਾ ਮਨੋਰਥ ਸਿੱਧ ਹੁੰਦਾ ਹੈ। ਉਹ ਅੱਜ ਵਿਧਾਇਕ ਲਖਵੀਰ ਸਿੰਘ ਰਾਏ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਹੋਰ ਕੁੱਝ ਨਹੀਂ ਆਉਂਦਾ, ਇਹ ਭਾਜਪਾ ਵਿਰੋਧੀ ਸਰਕਾਰਾਂ ਨੂੰ ਖ਼ਤਮ ਕਰਨ ਦੀ ਤਾਕ ਵਿਚ ਹੈ। ਰਾਜਪਾਲ ਦਾ ਬਿਆਨ ਪੰਜਾਬ ਦੇ 3 ਕਰੋੜ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਸ਼ਾਸ਼ਨ ਮਨੀਪੁਰ ਵਿੱਚ ਲਗਾਉਣਾ ਚਾਹੀਦਾ ਸੀ, ਜਿੱਥੇ ਦੇਸ਼ ਦੀਆਂ ਔਰਤਾਂ ’ਤੇ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਵਿੱਚ ਕਿਸੇ ਕੀਮਤ ਉੱਤੇ ਰਾਸ਼ਟਰਪਤੀ ਸ਼ਾਸਨ ਲਾਗੂ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿਚ ‘ਆਪ’ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਯਤਨਸ਼ੀਲ ਹੈ।

ਇਸ ਤੋਂ ਪਹਿਲਾਂ ਉਹ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਏ। ਇਸ ਮਗਰੋਂ ਉਨ੍ਹਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਜਿੱਥੇ ਵਿਧਾਇਕ ਰਾਏ ਦੀ ਅਗਵਾਈ ਹੇਠ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ, ਮਹਿਲਾ ਵਿੰਗ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਗੁਰਬਚਨ ਕੌਰ, ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਗੌਰਵ ਅਰੋੜਾ, ਮੋਹਿਤ ਸੂਦ, ਪ੍ਰਿਤਪਾਲ ਜੱਸੀ, ਗੁਰ ਸਤਿੰਦਰ ਸਿੰਘ ਜੱਲ੍ਹਾ, ਪੀਏ ਬਹਾਦੁਰ ਖਾਂ, ਅਸ਼ੀਸ਼ ਕੁਮਾਰ ਅੱਤਰੀ, ਖੁਸ਼ਵੰਤ ਸਿੰਘ, ਗੁਰਮੇਲ ਸਿੰਘ, ਬਲਬੀਰ ਸਿੰਘ, ਸੰਤੋਖ ਸਿੰਘ, ਸੰਦੀਪ ਵਾਲਮੀਕਿ, ਹਰਮਿੰਦਰ ਸੂਦ ਅਤੇ ਦੀਪਕ ਬਾਤਿਸ਼ ਆਦਿ ਹਾਜ਼ਰ ਸਨ।