‘‘ਮੰਤਰੀ ਜੀ, ਬੜਾ ਜ਼ੁਲਮ ਕੀਤਾ ਹੈ ਤੁਸੀਂ!’’

‘‘ਕਿਸ ਮਾਮਲੇ ਵਿੱਚ ਬਈ?’’

‘‘ਆਪਣੇ ਇਲਾਕੇ ਦੇ ਇੱਕ ਮਾਸਟਰ ਦਾ ਤਬਾਦਲਾ ਕਰਕੇ!’’

‘‘ਅੱਛਾ, ਉਹ ਮਾਸਟਰ! ਉਹ ਤਾਂ ਵਿਰੋਧੀ ਪਾਰਟੀ ਲਈ ਭੱਜ-ਦੌੜ…’’

‘‘ਕੀ ਕਹਿੰਦੇ ਹੋ ਜਨਾਬ!’’

‘‘ਉਸ ਉੱਤੇ ਇਹੋ ਇਲਜ਼ਾਮ ਹੈ।’’

‘‘ਜ਼ਰਾ ਚੱਲ ਕੇ ਕਾਰ ਤੱਕ ਪਹੁੰਚਣ ਦਾ ਕਸ਼ਟ ਕਰੋਗੇ?’’

‘‘ਕਿਉਂ?’’

‘‘ਆਪਣੀਆਂ ਅੱਖਾਂ ਨਾਲ ਉਸ ਮਾਸਟਰ ਨੂੰ ਵੇਖ ਲਓ। ਜੋ ਚੱਲ ਕੇ ਤੁਹਾਡੇ ਤਕ ਤਾਂ ਪਹੁੰਚ ਨਹੀਂ ਸਕਿਆ। ਬਦਕਿਸਮਤੀ ਨਾਲ ਉਹਦੀਆਂ ਦੋਵੇਂ ਲੱਤਾਂ ਬੇਕਾਰ ਹਨ ਅਤੇ ਭੱਜਦੌੜ ਕਰਨਾ ਉਹਦੇ ਵੱਸ ਦੀ ਗੱਲ ਕਿੱਥੇ! ਜੋ ਆਪਣੇ ਲਈ ਭੱਜਦੌੜ ਨਹੀਂ ਕਰ ਸਕਦਾ, ਉਹ ਕਿਸੇ ਦੇ ਵਿਰੋਧ ਵਿੱਚ ਕੀ ਭੱਜਦੌੜ ਕਰੇਗਾ!’’

‘‘‘ਚੰਗਾ ਬਈ, ਤੂੰ ਤਾਂ ਜਾਣਦਾ ਹੀ ਹੈਂ ਕਿ ਰਾਜਨੀਤੀ ਦੇ ਕੰਨ ਬਹੁਤ ਕੱਚੇ ਹੁੰਦੇ ਨੇ ਅਤੇ ਅੱਖਾਂ ਤਾਂ ਹੁੰਦੀਆਂ ਹੀ ਨਹੀਂ। ਖ਼ੈਰ, ਤੂੰ ਕਹਿੰਦਾ ਹੈਂ ਤਾਂ ਮੈਂ ਇਸ ਗਲਤੀ ਨੂੰ ਦਰੁਸਤ ਕਰਵਾ ਦਿਆਂਗਾ।’’

ਮੰਤਰੀ ਜੀ ਨੇ ਕਿਹਾ ਜ਼ਰੂਰ, ਪਰ ਅੱਖਾਂ ਵਿੱਚ ਕਿਤੇ ਪਛਤਾਵਾ ਨਹੀਂ ਸੀ।

ਕਮਲੇਸ਼ ਭਾਰਤੀ