ਨਵੀਂ ਦਿੱਲੀ, 19 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵੀਅਤਨਾਮ ਦੇ ਰੱਖਿਆ ਮੰਤਰੀ ਜਨਰਲ ਫਾਨ ਵਾਨ ਜਿਆਂਗ ਨਾਲ ਇੱਥੇ ਵਾਰਤਾ ਕੀਤੀ। ਰਾਜਨਾਥ ਨੇ ਇਸ ਮੌਕੇ ਐਲਾਨ ਕੀਤਾ ਕਿ ਭਾਰਤ ਵੀਅਤਨਾਮ ਦੀ ਜਲ ਸੈਨਾ ਨੂੰ ਭਾਰਤ ’ਚ ਹੀ ਬਣਿਆ ਛੋਟਾ ਜੰਗੀ ਬੇੜਾ ਆਈਐੱਨਐੱਸ ਕਿਰਪਾਨ ਤੋਹਫ਼ੇ ਵਜੋਂ ਦੇਵੇਗਾ ਜੋ ਕਿ ਮਿਜ਼ਾਈਲਾਂ ਦਾਗਣ ਦੇ ਸਮਰੱਥ ਹੈ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੋਵਾਂ ਧਿਰਾਂ ਨੇ ਦੁਵੱਲੇ ਰੱਖਿਆ ਸਹਿਯੋਗ ਦੀ ਵੀ ਸਮੀਖਿਆ ਕੀਤੀ ਹੈ। ਉਨ੍ਹਾਂ ਦੋਵਾਂ ਧਿਰਾਂ ਵਿਚਾਲੇ ਜਾਰੀ ਤਾਲਮੇਲ ’ਤੇ ਵੀ ਤਸੱਲੀ ਪ੍ਰਗਟ ਕੀਤੀ। ਮੰਤਰੀਆਂ ਨੇ ਭਾਈਵਾਲੀ ਦੇ ਮੌਜੂਦਾ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਢੰਗਾਂ ਦੀ ਵੀ ਸ਼ਨਾਖਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਰੱਖਿਆ ਖੇਤਰ ਵਿਚ ਉਦਯੋਗਿਕ ਸਹਿਯੋਗ, ਸਮੁੰਦਰੀ ਸੁਰੱਖਿਆ ਤੇ ਬਹੁਕੌਮੀ ਸਹਿਯੋਗ ਉਤੇ ਵੀ ਚਰਚਾ ਹੋਈ। ਦੋਵਾਂ ਧਿਰਾਂ ਨੇ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਦੱਖਣੀ ਚੀਨੀ ਸਾਗਰ ’ਚ ਵੀ ਸਥਿਤੀ ਦੀ ਸਮੀਖਿਆ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ’ਚ ਚੀਨ ਨੇ ਹਮਲਾਵਰ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ। ਸੀਡੀਐੱਸ ਜਨਰਲ ਅਨਿਲ ਚੌਹਾਨ ਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਬੈਠਕ ’ਚ ਸ਼ਾਮਲ ਹੋਏ। ਦੋਵਾਂ ਧਿਰਾਂ ਨੇ ਆਪਸੀ ਹਿੱਤ ਦੇ ਖੇਤਰੀ ਦੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਦੀ 2016 ਦੀ ਵੀਅਤਨਾਮ ਯਾਤਰਾ ਤੋਂ ਬਾਅਦ ਦੁਵੱਲੇ ਸਬੰਧਾਂ ਦਾ ਕਾਫੀ ਵਿਸਤਾਰ ਹੋਇਆ ਹੈ। ਰਾਜਨਾਥ ਸਿੰਘ ਵੀ ਜੂਨ 2022 ਵਿਚ ਵੀਅਤਨਾਮ ਗਏ ਸਨ। ਜਨਰਲ ਜਿਆਂਗ ਨੇ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਾਰਡ ਆਫ ਆਨਰ ਦਾ ਨਿਰੀਖਣ ਵੀ ਕੀਤਾ ਤੇ ਕੌਮੀ ਜੰਗੀ ਯਾਦਗਾਰ ’ਤੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਜਨਰਲ ਜਿਆਂਗ 18 ਜੂਨ ਨੂੰ ਭਾਰਤ ਦੇ ਦੋ ਦਿਨਾਂ ਦੇ ਦੌਰੇ ਉਤੇ ਆਏ ਸਨ। ਵੀਅਤਨਾਮ ਦੇ ਰੱਖਿਆ ਮੰਤਰੀ ਨੇ ਡੀਆਰਡੀਓ ਦੇ ਹੈੱਡਕੁਆਰਟਰ ਦਾ ਦੌਰਾ ਵੀ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਵੀਅਤਨਾਮ ਭਾਰਤ ਦੀ ‘ਐਕਟ ਈਸਟ’ ਨੀਤੀ ਤੇ ਹਿੰਦ ਪ੍ਰਸ਼ਾਂਤ ਖੇਤਰ ’ਚ ਮਹੱਤਵਪੂਰਨ ਭਾਈਵਾਲ ਹੈ।