ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ (59) ਦਾ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਜਸਪਾਲ ਕੌਰ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਸੀ ਅਤੇ ਉਹ ਪਿਛਲੇ 15 ਦਿਨਾਂ ਤੋਂ ਦਿੱਲੀ ਦੇ ਮੇਦਾਂਤਾ ਹਸਪਤਾਲ ’ਚ ਜੇਰੇ ਇਲਾਜ ਸਨ,ਜਿੱਥੇ ਉਨ੍ਹਾਂ ਸ਼ੁੱਕਰਵਾਰ ਤੜਕੇ 1.30 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੀ ਨੂੰਹ ਪਰਮਜੀਤ ਕੌਰ ਦੇ ਅਮਰੀਕਾ ਤੋਂ ਆਉਣ ਤੋਂ ਬਾਅਦ 23 ਫ਼ਰਵਰੀ, ਦਿਨ ਐਤਵਾਰ ਨੂੰ ਸ਼ਿਵਪੁਰੀ ਮੰਦਰ ਤਲਾਬ ਵਾਲਾ ਸ਼ਮਸ਼ਾਨਘਾਟ ਰਾਏਕੋਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਮਰਹੂਮ ਜਸਪਾਲ ਕੌਰ ਅਤੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਜਸਪਾਲ ਕੌਰ ਦੀ ਮੌਤ ਦੀ ਖ਼ਬਰ ਨਾਲ ਹਲਕਾ ਰਾਏਕੋਟ ’ਚ ਸੋਗ ਦੀ ਲਹਿਰ ਦੌੜ ਗਈ ਹੈ। ਜਸਪਾਲ ਕੌਰ ਇੱਕ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਉਹ ਆਪਣੇ ਵਿਧਾਇਕ ਪਤੀ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ਦਾ ਮੁਸਕਰਾ ਕੇ ਖਿੜ੍ਹੇ ਮੱਥੇ ਸਵਾਗਤ ਕਰਦੇ ਹਨ ਅਤੇ ਹਰ ਕਿਸੇ ਨੂੰ ਪੂਰਾ ਮਾਣ ਸਨਮਾਨ ਦਿੰਦੇ ਸਨ।

ਇਸ ਮੌਕੇ ਪੀਏ ਕਮਲ ਸੁਖਾਣਾ ਤੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ ਤੇ ਆਪ ਆਗੂਆਂ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।