ਮੁੰਬਈ:‘ਦਿਨ ਸ਼ਗਨਾਂ ਦਾ’, ‘ਖੋ ਗਏ ਹਮ ਕਹਾਂ’ ਅਤੇ ਫਿਲਮ ‘ਕੇਸਰੀ’ ਦੇ ‘ਦੇਹ ਸ਼ਿਵਾ’ ਗਾਣਿਆਂ ਲਈ ਜਾਣੀ ਜਾਂਦੀ ਗਾਇਕਾ ਅਤੇ ਕੰਪੋਜ਼ਰ ਜਸਲੀਨ ਰੌਇਲ ਇੱਕ ਹੋਰ ਗੀਤ ‘ਰਾਂਝਾ’ ਨਾਲ ਵਾਪਸੀ ਕਰ ਰਹੀ ਹੈ, ਜਿਸ ਨੂੰ ਉਸ ਨੇ ਗਾਇਕ ਬੀ ਪਰਾਕ ਨਾਲ ਮਿਲ ਕੇ ਗਾਇਆ ਹੈ। ਇਹ ਗਾਣਾ ਨਿਰਦੇਸ਼ਕ ਵਿਸ਼ਨੂੰਵਰਧਨ ਦੀ ਫਿਲਮ ‘ਸ਼ੇਰਸ਼ਾਹ’ ਵਿੱਚ ਦਿਖਾਇਆ ਜਾਵੇਗਾ। ‘ਰਾਂਝਾ’ ਵਿਛੋੜੇ ਨਾਲ ਸਬੰਧਤ ਇੱਕ ਉਦਾਸ ਗੀਤ ਹੈ, ਜੋ ਆਪਣੇ ਸ਼ਬਦਾਂ ਅਤੇ ਜਸਲੀਨ ਦੀ ਦਰਦ ਭਰੀ ਆਵਾਜ਼ ਰਾਹੀਂ ਜਜ਼ਬਾਤ ਦੀ ਕਹਾਣੀ ਬਿਆਨਦਾ ਹੈ। ਜਸਲੀਨ ਨੇ ਦੱਸਿਆ ਕਿ ਪੂਰਾ ਗਾਣਾ ਉਸ ਨੂੰ ਮਾਨਸਿਕ ਤੌਰ ’ਤੇ ਝੰਜੋੜਦਾ ਹੈ ਕਿਉਂਕਿ ਉਸ ਦੀ ਇੱਕ ਦੋਸਤ ਵੀ ਨਿਰਾਸ਼ਾ ਦੇ ਦੌਰ ਵਿੱਚੋਂ ਲੰਘ ਰਹੀ ਸੀ। ਜਸਲੀਨ ਨੇ ਕਿਹਾ, ‘‘ਇਹ ਗਾਣਾ ਮੇਰੇ ਲਈ ਕਈ ਪੱਧਰਾਂ ’ਤੇ ਖਾਸ ਹੈ। ਜਦੋਂ ਮੈਂ ਇਹ ਗਾਣਾ ਰਿਕਾਰਡ ਕਰ ਰਹੀ ਸੀ ਤਾਂ ਦਿਮਾਗੀ ਤੌਰ ’ਤੇ ਮੈਂ ਕਾਫ਼ੀ ਭਾਵੁਕ ਸੀ। ਮੇਰੀ ਖਾਸ ਦੋਸਤ ਬਹੁਤ ਬੁਰੇ ਵਿਛੋੜੇ ਦੇ ਦੌਰ ਵਿੱਚੋਂ ਲੰਘ ਰਹੀ ਸੀ ਅਤੇ ਉਸ ਨੂੰ ਇਸ ਸਭ ’ਚੋਂ ਗੁਜ਼ਰਦਿਆਂ ਦੇਖਣਾ ਬੇਹੱਦ ਦੁਖਦਾਈ ਰਿਹਾ। ਇਸ ਗਾਣੇ ਨੇ ਆਸ-ਪਾਸ ਵਾਪਰ ਰਹੇ ਸਭ ਕਾਸੇ ’ਚੋਂ ਬਾਹਰ ਨਿਕਲਣ ’ਚ ਮੇਰੀ ਮਦਦ ਕੀਤੀ। ਇਹ ਇੱਕ ਤਰ੍ਹਾਂ ਦਾ ਇਲਾਜ ਸੀ। ਗਾਣੇ ਵਿੱਚ ਪਿਆਰ, ਵਿਛੋੜੇ ਅਤੇ ਇਨ੍ਹਾਂ ਵਿਚਲੀਆਂ ਭਾਵਨਾਵਾਂ ਦੀਆਂ ਪਰਤਾਂ ਹਨ। ਮੈਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਨੂੰ ਪਸੰਦ ਕਰਨਗੇ।’’ ਜਸਲੀਨ ਆਪਣੇ ਦੋ ਹੋਰ ਗਾਣਿਆਂ ’ਤੇ ਵੀ ਕੰਮ ਕਰ ਰਹੀ ਹੈ। ਉਹ ਆਪਣੇ ਵੱਖ ਵੱਖ ਗਾਣਿਆਂ ਦੇ ਪੋਸਟਰ ਅਕਸਰ ਹੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਜਸਲੀਨ ਨੇ ਆਪਣੇ ਯੂਟਿਊਬ ਚੈਨਲ ’ਤੇ 2016 ਵਿੱਚ ਅਜੈ ਦੇਵਗਨ ਦੀ ਫਿਲਮ ‘ਸ਼ਿਵਾਏ’ ਦੇ ਗਾਣੇ ‘ਰਾਤੇਂ’ ਦਾ ਅਕੂਸਟਿਕ ਵਰਜ਼ਨ ਰਿਲੀਜ਼ ਕੀਤਾ ਹੈ। ਗਾਣਾ ‘ਰਾਂਝਾ’ ਵੀਰਵਾਰ ਨੂੰ ਰਿਲੀਜ਼ ਹੋਵੇਗਾ।