ਨਵੀ ਦਿੱਲੀ : ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਂਚੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਇੱਕ ਏਅਰ ਐਂਬੂਲੈਂਸ ਲਾਪਤਾ ਹੋ ਗਈ। ਜਾਣਕਾਰੀ ਮੁਤਾਬਕ, ਐਂਬੂਲੈਂਸ ਨੇ ਰਾਂਚੀ ਤੋਂ ਮਰੀਜ਼ ਨੂੰ ਲੈ ਕੇ ਦਿੱਲੀ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਏਅਰ ਐਂਬੂਲੈਂਸ ਰਡਾਰ ਤੋਂ ਗਾਇਬ ਹੋ ਗਈ, ਜਿਸ ਤੋਂ ਬਾਅਦ ਹਵਾਈ ਅੱਡੇ ਦਾ ਏਅਰ ਐਂਬੂਲੈਂਸ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਸੀ। ਇਸ ਦੇ ਕੁਝ ਦੇਰ ਬਾਅਦ ਹੀ ਖ਼ਬਰ ਮਿਲੀ ਕਿ ਰਾਂਚੀ ਤੋਂ ਦਿੱਲੀ ਆ ਰਹੀ ਏਅਰ ਐਂਬੂਲੈਂਸ ਕ੍ਰੈਸ਼ ਹੋ ਗਈ ਹੈ।

ਜਹਾਜ਼ ਵਿੱਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਰੈੱਡਬਰਡ ਕੰਪਨੀ ਦਾ ਬੀਚਕ੍ਰਾਫਟ ਕਿੰਗ ਏਅਰ B90L ਇੱਕ ਏਅਰ ਐਂਬੂਲੈਂਸ ਸੀ। ਰਾਂਚੀ ਦੇ ਦੇਵਕਮਲ ਹਸਪਤਾਲ ਦੇ ਸੀ.ਈ.ਓ ਅਨੰਤ ਸਿਨਹਾ ਨੇ ਦੱਸਿਆ ਕਿ ਪਰਿਵਾਰ ਨੇ ਬਿਹਤਰ ਇਲਾਜ ਲਈ ਮਰੀਜ਼ ਨੂੰ ਦਿੱਲੀ ਲਿਜਾਣ ਦਾ ਫੈਸਲਾ ਕੀਤਾ ਸੀ। ਫਲਾਈਟ ਨੇ ਸੋਮਵਾਰ ਸ਼ਾਮ 7:11 ਵਜੇ ਰਾਂਚੀ ਤੋਂ ਉਡਾਣ ਭਰੀ ਸੀ ਅਤੇ 7:34 ਵਜੇ ਜਹਾਜ਼ ਦਾ ਸੰਪਰਕ ਟੁੱਟ ਗਿਆ। ਕੁਝ ਦੇਰ ਬਾਅਦ ਜਹਾਜ਼ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਸਿਮਰੀਆ ਦੇ ਜੰਗਲਾਂ ਵਿੱਚ ਕ੍ਰੈਸ਼ ਹੋ ਗਿਆ।

ਜਹਾਜ਼ ਵਿੱਚ ਕੈਪਟਨ ਵਿਵੇਕ ਵਿਕਾਸ ਭਗਤ (ਪਾਇਲਟ), ਕੈਪਟਨ ਸਬਰਾਜਦੀਪ ਸਿੰਘ (ਕੋ-ਪਾਇਲਟ), ਸੰਜੇ ਕੁਮਾਰ (ਮਰੀਜ਼), ਅਰਚਨਾ ਦੇਵੀ (ਪਰਿਵਾਰਕ ਮੈਂਬਰ), ਧੂਰੂ ਕੁਮਾਰ (ਪਰਿਵਾਰਕ ਮੈਂਬਰ), ਵਿਕਾਸ ਕੁਮਾਰ ਗੁਪਤਾ (ਡਾਕਟਰ) ਅਤੇ ਸਚਿਨ ਕੁਮਾਰ ਮਿਸ਼ਰਾ (ਪੈਰਾਮੈਡੀਕਲ ਸਟਾਫ) ਸਵਾਰ ਸਨ।

ਇਸ ਮਾਮਲੇ ‘ਚ DGCA ਨੇ ਕਿਹਾ ਕਿ ਜਹਾਜ਼ ਨੇ 7:10 ਵਜੇ ਰਾਂਚੀ ਤੋਂ ਉਡਾਣ ਭਰੀ ਸੀ। 7:30 ਵਜੇ ਜਹਾਜ਼ ਨੇ ਖ਼ਰਾਬ ਮੌਸਮ ਕਾਰਨ ਰਸਤਾ ਬਦਲਣ ਦੀ ਇਜਾਜ਼ਤ ਮੰਗੀ। ਇਸ ਦੇ ਕੁਝ ਹੀ ਦੇਰ ਬਾਅਦ ਜਹਾਜ਼ ਦਾ ਕੋਲਕਾਤਾ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਅਤੇ ਰਡਾਰ ਕਨੈਕਸ਼ਨ ਟੁੱਟ ਗਿਆ। ਫਿਰ ਜਹਾਜ਼ ਕ੍ਰੈਸ਼ ਹੋ ਗਿਆ। ਤਕਨੀਕੀ ਖ਼ਰਾਬੀ ਕਾਰਨ ਹਾਦਸਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਵਾਬਾਜ਼ੀ ਰੈਗੂਲੇਟਰ DGCA ਨੇ ਜਹਾਜ਼ ਹਾਦਸਾ ਜਾਂਚ ਬਿਊਰੋ (AAIB) ਨੂੰ ਹਾਦਸੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।