ਨਵੀਂ ਦਿੱਲੀ, 30 ਅਗਸਤ

ਸਰਕਾਰ ਨੇ ਅੱਜ ਘਰਾਂ ਵਿਚ ਇਸਤੇਮਾਲ ਹੋਣ ਵਾਲੇ ਰਸੋਈ ਗੈਸ ਸਿਲੰਡਰ (ਐਲਪੀਜੀ) ਦੀ ਕੀਮਤ 200 ਰੁਪਏ ਘਟਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਰਾਹੀਂ ਕੇਂਦਰ ਸਰਕਾਰ ਕਾਂਗਰਸ ਪਾਰਟੀ ਵੱਲੋਂ ਮੱਧ ਪ੍ਰਦੇਸ਼ ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਸਸਤੀ ਐਲਪੀਜੀ ਦੇਣ ਦੇ ਵਾਅਦੇ ਦਾ ਮੁਕਾਬਲਾ ਕਰਦੀ ਜਾਪ ਰਹੀ ਹੈ। ਵਰਤਮਾਨ ’ਚ 14.2 ਕਿਲੋ ਦਾ ਐਲਪੀਜੀ ਸਿਲੰਡਰ ਦਿੱਲੀ ’ਚ 1103 ਰੁਪਏ ਦਾ ਵਿਕ ਰਿਹਾ ਹੈ। ਮਈ 2020 ਤੋਂ ਬਾਅਦ ਹੁਣ ਤੱਕ ਕੀਮਤਾਂ ਵਿਚ ਦੁੱਗਣਾ ਵਾਧਾ ਦੇਖਿਆ ਗਿਆ ਹੈ। ਨਵਾਂ ਫ਼ੈਸਲਾ ਲਾਗੂ ਹੋਣ ਤੋਂ ਬਾਅਦ ਸਿਲੰਡਰ 903 ਰੁਪਏ ਦਾ ਮਿਲੇਗਾ। ਉੱਜਵਲਾ ਲਾਭਪਾਤਰੀਆਂ ਨੂੰ ਸਿਲੰਡਰ 703 ਰੁਪਏ ਦਾ ਮਿਲੇਗਾ ਤੇ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਜਾਰੀ ਰਹੇਗੀ। ਨਵੀਆਂ ਕੀਮਤਾਂ ਭਲਕ ਤੋਂ ਲਾਗੂ ਹੋਣਗੀਆਂ। ਇਸ ਬਾਰੇ ਐਲਾਨ ਕਰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਰਾਹਤ ਦੇਣ ਲਈ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ 75 ਲੱਖ ਹੋਰ ਉੱਜਵਲਾ ਕੁਨੈਕਸ਼ਨ ਦੇਵੇਗੀ। ਇਸ ਤਰ੍ਹਾਂ ਸਕੀਮ ਤਹਿਤ ਲਾਭਪਾਤਰੀਆਂ ਦੀ ਗਿਣਤੀ 10.35 ਕਰੋੜ ਹੋ ਜਾਵੇਗੀ। ਖਾਣਾ ਪਕਾਉਣ ਵਾਲੀ ਗੈਸ ਦੀਆਂ ਕੀਮਤਾਂ ਪਿਛਲੇ ਕੁਝ ਸਾਲਾਂ ਵਿਚ ਕਾਫੀ ਵਧ ਗਈਆਂ ਹਨ ਤੇ ਵੱਡਾ ਚੋਣ ਮੁੱਦਾ ਬਣ ਗਈਆਂ ਹਨ। ਦੱਸਣਯੋਗ ਹੈ ਕਿ ਕਾਂਗਰਸ ਨੇ ਐਲਪੀਜੀ ਦੀਆਂ ਕੀਮਤਾਂ ਦੇ ਮੁੱਦੇ ਨੂੰ ਹਾਲ ਹੀ ਵਿਚ ਕਰਨਾਟਕ ਚੋਣਾਂ ’ਚ ਕਾਫ਼ੀ ਵਰਤਿਆ ਸੀ। ਮੱਧ ਪ੍ਰਦੇਸ਼ ਵਿਚ ਸੱਤਾ ਸੰਭਾਲਣ ਦੀ ਸੂਰਤ ’ਚ ਕਾਂਗਰਸ ਨੇ 500 ਰੁਪਏ ਵਿਚ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ। ਇੱਥੇ ਚੋਣਾਂ ਨਵੰਬਰ-ਦਸੰਬਰ ਵਿਚ ਹੋਣੀਆਂ ਹਨ। ਕਾਂਗਰਸ ਰਾਜਸਥਾਨ ਵਿਚ ਵੀ ਇਸੇ ਕੀਮਤ ਉਤੇ ਐਲਜੀਪੀ ਦੇ ਰਹੀ ਹੈ, ਜਿੱਥੇ ਨਵੰਬਰ-ਦਸੰਬਰ ਵਿਚ ਚੋਣਾਂ ਹੋਣੀਆਂ ਹਨ। ਠਾਕੁਰ ਨੇ ਹਾਲਾਂਕਿ ਇਸ ਫ਼ੈਸਲੇ ਨੂੰ ਚੋਣਾਂ ਨਾਲ ਜੋੜਨ ਤੋਂ ਟਲਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਐਲਾਨ ਓਨਮ ਤੇ ਰੱਖੜੀ ਮੌਕੇ ਮਹਿਲਾਵਾਂ ਨੂੰ ਤੋਹਫ਼ਾ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਕੀਮਤਾਂ ਘਟਾਉਣ ਲਈ ਸਰਕਾਰ ਪੈਸਾ ਕਿੱਥੋਂ ਲਿਆਏਗੀ। ਹਾਲਾਂਕਿ ਇਹ ਸਪੱਸ਼ਟ ਹੈ ਕਿ ਸਰਕਾਰੀ ਈਂਧਨ ਕੰਪਨੀਆਂ ਬੁੱਧਵਾਰ ਤੋਂ ਕੀਮਤਾਂ ਵਿਚ ਕੱਟ ਲਾਉਣਗੀਆਂ ਤੇ ਸਰਕਾਰ ਇਸ ਦੀ ਪੂਰਤੀ ਇਨ੍ਹਾਂ ਕੰਪਨੀਆਂ ਨੂੰ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਉੱਜਵਲਾ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਸਬਸਿਡੀ ’ਤੇ ਮੌਜੂਦਾ ਵਿੱਤੀ ਵਰ੍ਹੇ ਵਿਚ 7680 ਕਰੋੜ ਰੁਪਏ ਦਾ ਖ਼ਰਚ ਆਵੇਗਾ। ਗੌਰਤਲਬ ਹੈ ਕਿ ਦੇਸ਼ ਵਿਚ 9.6 ਕਰੋੜ ਉੱਜਵਲਾ ਲਾਭਪਾਤਰੀ ਹਨ ਜਦਕਿ ਹੋਰਨਾਂ ਘਰੇਲੂ ਗੈਸ ਖ਼ਪਤਕਾਰਾਂ ਦੀ ਗਿਣਤੀ 31 ਕਰੋੜ ਹੈ।