ਨਵੀਂ ਦਿੱਲੀ, 1 ਮਾਰਚ

ਐੱਲਪੀਜੀ ਦੀ ਕੀਮਤ ਵਿੱਚ ਅੱਜ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ, ਜਦੋਂ ਕਿ ਹਵਾਬਾਜ਼ੀ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ ਵਿੱਚ ਚਾਰ ਫੀਸਦੀ ਦੀ ਕਟੌਤੀ ਕੀਤੀ ਗਈ। ਤੇਲ ਮਾਰਕੀਟਿੰਗ ਕੰਪਨੀ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਗੈਰ-ਸਬਸਿਡੀ ਵਾਲੇ ਐੱਲਪੀਜੀ ਜਾਂ ਰਸੋਈ ਗੈਸ ਦੀ ਕੀਮਤ 1,103 ਰੁਪਏ ਪ੍ਰਤੀ ਸਿਲੰਡਰ (14.2 ਕਿਲੋਗ੍ਰਾਮ) ਕਰ ਦਿੱਤੀ ਗਈ ਹੈ। ਜੁਲਾਈ 2022 ਤੋਂ ਬਾਅਦ ਇਹ ਪਹਿਲਾ ਵਾਧਾ ਹੈ। ਇਸ ਤੋਂ ਇਲਾਵਾ ਹਵਾਈ ਜਹਾਜ਼ ਤੇਲ ਦੀ ਕੀਮਤ 4,606.50 ਰੁਪਏ ਪ੍ਰਤੀ ਕਿਲੋਲਿਟਰ ਘਟਾ ਕੇ 1,07,750.27 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ।