ਮੁੰਬਈ,21 ਜੁਲਾਈ
‘ਮੇਰਾ ਨਾਮ ਜੋਕਰ’, ‘ਕਰਜ਼’ ਅਤੇ ਹੋਰ ਕਈ ਮਸ਼ਹੂਰ ਫਿਲਮਾਂ ’ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਸਿਮੀ ਗਰੇਵਾਲ ਨੇ ਖੁਲਾਸਾ ਕੀਤਾ ਹੈ ਕਿ ਇਕ ‘ਤਾਕਤਵਰ’ ਵਿਅਕਤੀ ਨੇ ਊਸ ਦਾ ਫਿਲਮੀ ਕਰੀਅਰ ਵੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਊਹ ਊਸ ਸਮੇਂ ਖਾਮੋਸ਼ ਰਹੀ ਸੀ। ਹੁਣ ਅਦਾਕਾਰਾ ਕੰਗਨਾ ਰਣੌਤ ਵੱਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੀਤੇ ਗਏ ਸਨਸਨੀਖੇਜ਼ ਖੁਲਾਸਿਆਂ ਤੋਂ ਬਾਅਦ ਸਿਮੀ ਨੂੰ ਵੀ ਹੱਲਾਸ਼ੇਰੀ ਮਿਲੀ ਜਿਸ ਕਾਰਨ ਊਸ ਨੇ ਕਈ ਵਰ੍ਹਿਆਂ ਬਾਅਦ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ। ਸਿਮੀ ਗਰੇਵਾਲ ਨੇ ਟਵੀਟ ਕਰ ਕੇ ਕਿਹਾ,‘‘ਮੈਂ ਕੰਗਨਾ ਰਣੌਤ ਦੀ ਸ਼ਲਾਘਾ ਕਰਦੀ ਹਾਂ ਜੋ ਮੇਰੇ ਨਾਲੋਂ ਜ਼ਿਆਦਾ ਬਹਾਦਰ ਅਤੇ ਨਿਧੜਕ ਹੈ। ਮੈਂ ਸਿਰਫ਼ ਇਨ੍ਹਾਂ ਜਾਣਦੀ ਹਾਂ ਕਿ ਕਿਵੇਂ ‘ਤਾਕਤਵਰ’ ਵਿਅਕਤੀ ਨੇ ਮੇਰਾ ਕਰੀਅਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਊਸ ਸਮੇਂ ਖਾਮੋਸ਼ ਰਹੀ ਸੀ ਕਿਊਂਕਿ ਮੈਂ ਇੰਨੀ ਬਹਾਦਰ ਨਹੀਂ ਹਾਂ।’’ ਊਨ੍ਹਾਂ ਕਿਹਾ ਕਿ ਕੰਗਨਾ ਦੇ ਬਿਆਨ ਸੁਣਨ ਮਗਰੋਂ ਲੋਕ ਕਿਵੇਂ ਦਾ ਮਹਿਸੂਸ ਕਰਦੇ ਹਨ ਪਰ ਇਸ ਨਾਲ ਮੈਂ ਨਿਰਾਸ਼ ਹੋਈ ਹਾਂ। ‘ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀ ਕੁਝ ਸਹਿਣਾ ਪਿਆ ਅਤੇ ‘ਬਾਹਰੀ’ ਕਲਾਕਾਰਾਂ ਨੂੰ ਬੌਲੀਵੁੱਡ ’ਚ ਕਿਹੋ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਹਾਲਾਤ ਬਦਲਣੇ ਚਾਹੀਦੇ ਹਨ।’ ਊਨ੍ਹਾਂ ਲਿਖਿਆ ਕਿ ਜਦੋਂ ਅਮਰੀਕਾ ’ਚ ਜੌਰਜ ਫਲਾਇਡ ਦੀ ਮੌਤ ਹੋਈ ਤਾਂ ਸਾਰਿਆਂ ਦੀਆਂ ਅੱਖਾਂ ਖੁਲ੍ਹ ਗਈਆਂ, ਊਸੇ ਤਰ੍ਹਾਂ ਹੁਣ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਬੌਲੀਵੁੱਡ ’ਚ ਜਾਗਰੂਕਤਾ ਆਊਣੀ ਚਾਹੀਦੀ ਹੈ।