ਮੁੰਬਈ, 16 ਅਪਰੈਲ

ਅਦਾਕਾਰਾ ਰਸਿਕਾ ਦੁੱਗਲ ਨੇ ਅੱਜ ਸੋਸ਼ਲ ਮੀਡੀਆ ’ਤੇ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਸ ਨੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਨੀਲੇ ਰੰਗ ਦੀ ਸਾੜੀ ਪਹਿਨੀ ਹੋਈ ਹੈ ਅਤੇ ਉਹ ਸੀਰੀਜ਼ ਵਿਚਲੇ ਆਪਣੇ ਬੀਨਾ ਤ੍ਰਿਪਾਠੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਕੈਪਸ਼ਨ ਵਿੱਚ ਲੌਕਡਾਊਨ ਕਾਰਨ ਬਣੇ ਹਾਲਾਤ ਨੂੰ ‘ਲੌਕਡਾਊਨ ਬਲਿਊ’ ਕਹਿੰਦਿਆਂ ਪ੍ਰਸ਼ੰਸਕਾਂ ਨੂੰ ਇੱਕਜੁਟ ਹੋ ਕੇ ਇਸ ਨਾਲ ਨਜਿੱਠਣ ਦਾ ਸੱਦਾ ਦਿੱਤਾ। ਉਸ ਨੇ ਲਿਖਿਆ, ‘‘ਹਰ ਕੋਈ ਲੌਕਡਾਊਨ ਬਲਿਊ ਨੂੰ ਮਹਿਸੂਸ ਕਰ ਰਿਹਾ ਹੈ… ਹਮ ਭੀ ਸਰਵਾਈਵ ਕਰੇਂਗੇ, ਤੁਮ ਭੀ ਸਰਵਾਈਵ ਕਰੋਗੇ…#ਮਿਰਜ਼ਾਪੁਰ#ਬੀਨਾ ਤ੍ਰਿਪਾਠੀ#ਲੌਕਡਾਊਨ 2021’’। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀ ਸੂਬਾ ਸਰਕਾਰ ਨੇ ਕੋਵਿਡ-19 ਕੇਸਾਂ ਦੇ ਮੁੜ ਵਧਣ ਕਾਰਨ ਸੂਬੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਰਸਿਕਾ ਇਸ ਤੋਂ ਪਹਿਲਾਂ ਵੈੱਬ ਸੀਰੀਜ਼ ‘ਓਕੇ ਕੰਪਿਊਟਰ’ ਵਿੱਚ ਦਿਖਾਈ ਦਿੱਤੀ ਸੀ। ਉਹ ‘ਆਊਟ ਆਫ ਲਵ’, ‘ਏ ਸੂਟੇਬਲ ਬੁਆਏ’, ‘ਦੇਹਲੀ ਕਰਾਈਮ’ ਅਤੇ ‘ਮਿਰਜ਼ਾਪੁਰ’ ਵਰਗੀਆਂ ਸੀਰੀਜ਼ ਵਿੱਚ ਆਪਣੇ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਰਸਿਕਾ ਫਿਲਮ ‘ਕਿੱਸਾ’, ‘ਤੂੰ ਹੈ ਮੇਰਾ ਸੰਡੇ’ ਅਤੇ ‘ਮੰਟੋ’ ਵਰਗੀਆਂ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ।