ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਰਵੀਨਾ ਟੰਡਨ ਨੇ ਹਾਲ ਹੀ ਵਿਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਤਾਲੀ’ ਵਿੱਚ ਸੁਸ਼ਮਿਤਾ ਸੇਨ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਹਨ। ਇਹ ਵੈੱਬ ਸੀਰੀਜ਼ ਟਰਾਂਸਜੈਂਡਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕਰਦੀ ਹੈ ਜਿਸ ਵਿਚ ਟਰਾਂਸਜੈਂਡਰ ਕਾਰਕੁਨ ਸ੍ਰੀਗੌਰੀ ਸਾਵੰਤ ਵੱਲੋਂ ਬਣਦੇ ਹੱਕ ਲੈਣ ਲਈ ਕੀਤੇ ਗਏ ਸੰਘਰਸ਼ ਤੇ ਉਸ ਦੇ ਸਫਰ ਨੂੰ ਦਿਖਾਇਆ ਗਿਆ ਹੈ। ਇਸ ਵੈੱਬ ਸੀਰੀਜ਼ ਵਿਚ ਸ੍ਰੀਗੌਰੀ ਦਾ ਕਿਰਦਾਰ ਸੁਸ਼ਮਿਤਾ ਸੇਨ ਨੇ ਨਿਭਾਇਆ ਹੈ। ਰਵੀਨਾ ਨੇ ਇਸ ਵੈੱਬ ਸੀਰੀਜ਼ ਦਾ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿਚ ਸੁਸ਼ਮਿਤਾ ਕਹਿ ਰਹੀ ਹੈ ਕਿ ਇਸ ਦੇਸ਼ ਨੂੰ ਹਾਲੇ ਹੋਰ ਪਾਲਣ ਪੋਸ਼ਣ ਕਰਨ ਵਾਲੀਆਂ ਮਾਵਾਂ ਦੀ ਲੋੜ ਹੈ। ਅਦਾਕਾਰਾ ਨੇ ਇਸ ਵੈੱਬ ਸੀਰੀਜ਼ ਦੀ ਨਿਰਮਾਤਾ ਅਫੀਫਾ ਸੁਲੇਮਾਨ ਨਡਿਆਡਵਾਲਾ ਨੂੰ ਮੁਬਾਰਕਾਂ ਦਿੰਦਿਆਂ ਟਿੱਪਣੀ ਕੀਤੀ,‘ਬਾਤ ਮੇਂ ਦਮ ਹੈ ਬੌਸ।’ ਇਸ ਤੋਂ ਬਾਅਦ ਅਫੀਫਾ ਨੇ ਰਵੀਨਾ ਦੀ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘ਬਹੁਤ ਬਹੁਤ ਪਿਆਰ।’ ਜ਼ਿਕਰਯੋਗ ਹੈ ਕਿ ਰਵੀਨਾ ਨੇ 1995 ਵਿੱਚ ਦੋ ਲੜਕੀਆਂ ਪੂਜਾ (11 ਸਾਲ) ਅਤੇ ਛਾਇਆ (8 ਸਾਲ) ਨੂੰ ਸਿੰਗਲ ਮਦਰਜ਼ ਵਜੋਂ ਗੋਦ ਲਿਆ ਸੀ। ਇਸ ਤੋਂ ਬਾਅਦ ਰਵੀਨਾ ਨੇ 22 ਫਰਵਰੀ, 2004 ਨੂੰ ਫਿਲਮ ਡਿਸਟਰੀਬਿਊਟਰ ਅਨਿਲ ਥਡਾਨੀ ਨਾਲ ਵਿਆਹ ਕਰਵਾਇਆ ਤੇ ਉਨ੍ਹਾਂ ਦੇ ਘਰ ਸਾਲ 2005 ਵਿੱਚ ਰਾਸ਼ਾ ਤੇ 2008 ਵਿੱਚ ਪੁੱਤਰ ਰਣਬੀਰਵਰਧਨ ਦਾ ਜਨਮ ਹੋਇਆ। ਦੂਜੇ ਪਾਸੇ ਸੁਸ਼ਮਿਤਾ ਨੇ ਵੀ ਦੋ ਲੜਕੀਆਂ ਰੇਨੀ ਅਤੇ ਅਲੀਸਾ ਗੋਦ ਲਈਆਂ ਹਨ। ‘ਤਾਲੀ’ ਸ੍ਰੀਗੌਰੀ ਸਾਵੰਤ ਦੇ ਜੀਵਨ ਦੀਆਂ ਮੁਸ਼ਕਲਾਂ ਨੂੰ ਬਿਆਨਦੀ ਹੈ ਜਿਸ ਨੇ ਥਰਡ ਜੈਂਡਰ ਦੇ ਹੱਕਾਂ ਲਈ ਦੇਸ਼ ਭਰ ਵਿਚ ਸੰਘਰਸ਼ ਦੀ ਲਹਿਰ ਖੜ੍ਹੀ ਕੀਤੀ ਤੇ ਇਨ੍ਹਾਂ ਯਤਨਾਂ ਕਰ ਕੇ ਹੀ ਦੇਸ਼ ਦੀ ਸਰਵਉਚ ਅਦਾਲਤ ਨੇ ਟਰਾਂਸਜੈਂਡਰਾਂ ਨੂੰ ਸਾਲ 2014 ਵਿੱਚ ਥਰਡ ਜੈਂਡਰ ਵਜੋਂ ਮਾਨਤਾ ਦਿੱਤੀ ਤੇ ਹੁਣ ਉਨ੍ਹਾਂ ਨੂੰ ਆਪਣੇ ਹੱਕ ਮਿਲਣ ਲੱਗ ਪਏ ਹਨ ਪਰ ਹਾਲੇ ਵੀ ਸਮਾਜ ਦਾ ਉਨ੍ਹਾਂ ਪ੍ਰਤੀ ਨਜ਼ਰੀਆ ਨਹੀਂ ਬਦਲਿਆ।