ਮੁੰਬਈ: ਫਿਲਮ ‘83’ ਵਿੱਚ ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਅਦਾਕਾਰ ਰਣਵੀਰ ਸਿੰਘ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੇ ਸਹੁਰੇ ਅਤੇ ਸਾਬਕਾ ਬੈਡਮਿੰਟਨ ਚੈਂਪੀਅਨ ਪ੍ਰਕਾਸ਼ ਪਾਦੂਕੋਣ ਦੀ 1983 ਕ੍ਰਿਕਟ ਵਰਲਡ ਕੱਪ ਬਾਰੇ ਗੱਲ ਕਰਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ। ਰਣਵੀਰ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਪ੍ਰਕਾਸ਼ ਡੈਨਮਾਰਕ ਵਿੱਚ ਬੈਡਮਿੰਟਨ ਮੈਚ ਖੇਡਦੇ ਦਿਖਾਈ ਦੇ ਰਹੇ ਹਨ, ਜਿੱਥੇ ਉਹ ਰੇਡੀਓ ’ਤੇ ਕ੍ਰਿਕਟ ਮੈਚ ਦੇ ਫਾਈਨਲ ਦੀ ਖ਼ਬਰ ਸੁਣਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਪ੍ਰਕਾਸ਼ ਨੇ ਕਲਿੱਪ ਵਿੱਚ ਦੱਸਿਆ, ‘‘25 ਜੂਨ, 1983, ਭਾਰਤੀ ਖੇਡ ਜਗਤ ਵਿੱਚ ਇਤਿਹਾਸਕ ਦਿਨ ਸੀ। ਭਾਰਤ ਨੇ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ! ਅਸੀਂ ਉਸ ਵੇਲੇ ਡੈਨਮਾਰਕ ਵਿੱਚ ਸੀ। ਮੈਂ ਪੇਸ਼ੇ ਵਜੋਂ ਬੈਡਮਿੰਟਨ ਖੇਡ ਰਿਹਾ ਸੀ। ਮੈਂ ਲਾਈਵ ਮੈਚ ਨਹੀਂ ਦੇਖ ਸਕਦਾ ਸੀ। ਮੈਂ ਬੀਬੀਸੀ ਜਾਂ ਰੀਡੀਓ ਜ਼ਰੀਏ ਖ਼ਬਰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ।’’ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਪਿਤਾ ਨੇ ਅੱਗੇ ਕਿਹਾ, ‘‘ਜਦੋਂ ਅਸੀਂ ਸੁਣਿਆ ਕਿ ਭਾਰਤ ਵਿਸ਼ਵ ਕੱਪ ਜਿੱਤ ਗਿਆ ਹੈ ਤਾਂ ਮੈਨੂੰ ਯਕੀਨ ਨਹੀਂ ਹੋਇਆ।’’ ਰਣਵੀਰ ਨੇ ਵੀਡੀਓ ਕਲਿੱਪ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ‘‘ਬੈਡਮਿੰਟਨ ਦਾ ਲਿਵਿੰਗ ਲੈਜੈਂਡ, ਜੋ ਖ਼ੁਦ ਵਿਸ਼ਵ ਚੈਂਪੀਅਨ ਹੈ ਅਤੇ ਮੇਰੇ ਪਿਆਰੇ ਸਹੁਰਾ ਪ੍ਰਕਾਸ਼ ਪਾਦੂਕੋਣ 1983 ਦੇ ਵਰਲਡ ਕੱਪ ਦੀ ਜਿੱਤ ਦੀਆਂ ਯਾਦਾਂ ਸਾਂਝੀਆਂ ਕਰਦੇ ਹਨ। ਫਿਲਮ ‘83’ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਸਿਨੇਮਾ ਘਰਾਂ ’ਚ 24 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ 3ਡੀ ’ਚ ਵੀ ਆ ਰਹੀ ਹੈ।’’ ਫਿਲਮ ‘83’ ਕ੍ਰਿਕਟਰ ਕਲਿਪ ਦੇਵ ਦੀ ਨੁਮਾਇੰਦਗੀ ਅਧੀਨ ਭਾਰਤ ਵੱਲੋਂ 1983 ਵਿੱਚ ਖੇਡੇ ਗਏ ਵਿਸ਼ਵ ਕੱਪ ਦੀ ਕਹਾਣੀ ’ਤੇ ਆਧਾਰਿਤ ਹੈ।