ਨਾਗਪੁਰ, 5 ਫਰਵਰੀ
ਫ਼ਿਰਕੀ ਗੇਂਦਬਾਜ਼ ਅਦਿਤਿਆ ਸਰਵਟੇ ਨੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਸਣੇ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਆਊਟ ਕਰ ਦਿੱਤਾ, ਜਿਸ ਨਾਲ ਮੌਜੂਦਾ ਚੈਂਪੀਅਨ ਵਿਦਰਭ ਨੇ ਸੌਰਾਸ਼ਟਰ ਖ਼ਿਲਾਫ਼ ਰਣਜੀ ਟਰਾਫੀ ਫਾਈਨਲ ਦੇ ਦੂਜੇ ਦਿਨ ਅੱਜ ਇੱਥੇ ਆਪਣੀ ਸਥਿਤੀ ਮਜ਼ਬੂਤ ਰੱਖੀ। ਪੁਜਾਰਾ ਸਿਰਫ਼ ਇੱਕ ਦੌੜ ਬਣਾ ਚਲਦਾ ਬਣਿਆ, ਜਿਸ ਕਾਰਨ ਸੌਰਾਸ਼ਟਰ ਪੱਛੜ ਗਿਆ। ਵਿਦਰਭ ਦੀਆਂ 312 ਦੌੜਾਂ ਦੇ ਜਵਾਬ ਵਿੱਚ ਸੌਰਾਸ਼ਟਰ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਪੰਜ ਵਿਕਟਾਂ ’ਤੇ 158 ਦੌੜਾਂ ਬਣਾਈਆਂ ਅਤੇ ਉਹ ਅਜੇ 154 ਦੌੜਾਂ ਨਾਲ ਪੱਛੜ ਰਿਹਾ ਹੈ।
ਸੌਰਾਸ਼ਟਰ ਦੀ ਪਾਰੀ ਹੁਣ ਵਿਕਟਕੀਪਰ ਬੱਲੇਬਾਜ਼ ਸਨੇਲ ਪਟੇਲ ਨੇ ਸੰਭਾਲੀ ਹੋਈ ਹੈ, ਜੋ 87 ਦੌੜਾਂ ਬਣਾ ਕੇ ਖੇਡ ਰਿਹਾ ਹੈ। ਉਸ ਨਾਲ ਪ੍ਰੇਰਕ ਮਾਂਕੜ 16 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟਿਆ ਹੋਇਆ ਹੈ। ਸਰਵਟੇ ਨੇ 55 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਹਨ। ਇਸ ਤੋਂ ਪਹਿਲਾ ਵਿਦਰਭ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਖ਼ਾਸ ਕਰਕੇ ਅਕਸ਼ੈ ਕਰਨੀਵਾਰ (ਨਾਬਾਦ 73 ਦੌੜਾਂ) ਦੇ ਕਰੀਅਰ ਦੇ ਦੂਜੇ ਨੀਮ ਸੈਂਕੜੇ ਦੀ ਬਦੌਲਤ ਸੱਤ ਵਿਕਟਾਂ ’ਤੇ 196 ਦੌੜਾਂ ਦੇ ਸਕੋਰ ਤੋਂ ਉਭਰ ਕੇ ਪਹਿਲੀ ਪਾਰੀ ਵਿੱਚ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਅਕਸ਼ੈ ਵਾਖਰੇ ਨੇ 34 ਦੌੜਾਂ ਦੀ ਪਾਰੀ ਖੇਡੀ ਅਤੇ ਬਾਅਦ ਵਿੱਚ ਆਪਣੀ ਆਫ ਸਪਿੰਨ ਨਾਲ ਦੋ ਮਹੱਤਵਪੂਰਨ ਵਿਕਟਾਂ ਵੀ ਕੱਢੀਆਂ।
ਵਿਦਰਭ ਕੱਲ੍ਹ ਤੱਕ ਬੈਕਫੁਟ ’ਤੇ ਸੀ, ਪਰ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਅਤੇ ਪੁਜਾਰਾ ਦਾ ਕੀਮਤੀ ਵਿਕਟ ਸਸਤੇ ਵਿੱਚ ਲੈ ਕੇ ਉਸ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਜਦੋਂ ਪੁਜਾਰਾ ਕ੍ਰੀਮ ’ਤੇ ਉਤਰਿਆ, ਉਦੋਂ ਸੌਰਾਸ਼ਟਰ ਦਾ ਸਕੋਰ ਦੋ ਵਿਕਟਾਂ ’ਤੇ 79 ਦੌੜਾਂ ਸੀ। ਵਿਦਰਭ ਨੇ ਉਸ ਦੇ ਲਈ ਤਿੰਨ ਕਰੀਬੀ ਫੀਲਡਰ ਲਗਾਏ ਅਤੇ ਆਪਣੇ ਦੋ ਮੁੱਖ ਗੇਂਦਬਾਜ਼ਾਂ ਉਮੇਸ਼ ਯਾਦਵ ਅਤੇ ਸਰਵਟੇ ਨੂੰ ਗੇਂਦਬਾਜ਼ੀ ’ਤੇ ਲਾਇਆ। ਪੁਜਾਰਾ ਨੇ ਉਮੇਸ਼ ਦੀ ਸਿਰਫ਼ ਇੱਕ ਗੇਂਦ ਦਾ ਸਾਹਮਣਾ ਕੀਤਾ ਅਤੇ ਉਸ ’ਤੇ ਇੱਕ ਦੌੜ ਵੀ ਬਣਾਈ। ਸਰਵਟੇ ਨੇ ਆਸਟਰੇਲਿਆਈ ਗੇਂਦਬਾਜ਼ਾਂ ਦੀ ਨੱਕ ਵਿੱਚ ਦਮ ਕਰਨ ਵਾਲੇ ਪੁਜਾਰਾ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਪੁਜਾਰਾ ਨੇ ਸਰਵਟੇ ਦੀਆਂ ਦਸ ਗੇਂਦਾਂ ਖੇਡੀਆਂ, ਪਰ ਇੱਕ ਵੀ ਦੌੜ ਨਹੀਂ ਲੈ ਸਕਿਆ। ਸਰਵਟੇ ਦੀ ਇੱਕ ਗੇਂਦ ਉਸ ਦੇ ਬੱਲੇ ਦੇ ਕਿਨਾਰੇ ਨਾਲ ਲੱਗ ਕੇ ਸਲਿੱਪ ਵਿੱਚ ਵਸੀਮ ਜ਼ਫ਼ਰ ਦੇ ਹੱਥਾਂ ਵਿੱਚ ਚਲੀ ਗਈ।
ਸਰਵਟੇ ਨੇ ਇਸ ਤੋਂ ਪਹਿਲਾਂ ਹਾਰਵਿਕ ਦੇਸਾਈ (ਦਸ ਦੌੜਾਂ) ਨੂੰ ਐੱਲਬੀਡਬਲਯੂ ਆਊਟ ਕੀਤਾ ਅਤੇ ਬਾਅਦ ਵਿੱਚ ਵਿਸ਼ਵਰਾਜ ਜਡੇਜਾ (18 ਦੌੜਾਂ) ਨੂੰ ਆਊਟ ਕਰਕੇ ਉਸ ਦੀ ਸਨੇਲ ਨਾਲ 61 ਦੌੜਾਂ ਦੀ ਸਾਂਝੇਦਾਰੀ ਤੋੜੀ। ਵਾਖਰੇ ਨੇ ਅਰਪਿਤ ਵਾਸਵਦਾ (13 ਦੌੜਾਂ) ਅਤੇ ਸ਼ੈਲਡਨ ਜੈਕਸਨ (ਨੌਂ ਦੌੜਾਂ) ਨੂੰ ਆਊਟ ਕਰਕੇ ਸੌਰਾਸ਼ਟਰ ਦੇ ਮੱਧ ਕ੍ਰਮ ਨੂੰ ਵੀ ਝੰਜੋੜਿਆ।
ਇਸ ਤੋਂ ਪਹਿਲਾਂ ਵਿਦਰਭ ਨੇ ਸੱਤ ਵਿਕਟਾਂ ’ਤੇ 200 ਦੌੜਾਂ ਨਾਲ ਆਪਣੀ ਪਾਰੀ ਅੱਗੇ ਵਧਾਈ ਅਤੇ ਕਰਨੀਵਾਰ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ 300 ਦੌੜਾਂ ਦੀ ਗਿਣਤੀ ਪਾਰ ਕੀਤੀ। ਕਰਨੀਵਾਰ ਅਤੇ ਵਾਖਰੇ ਨੇ ਅੱਠਵੀਂ ਵਿਕਟ ਲਈ 78 ਦੌੜਾਂ ਦੀ ਸਾਂਝੇਦਾਰੀ ਕੀਤੀ। ਸੌਰਾਸ਼ਟਰ ਦੇ ਗੇਂਦਬਾਜ਼ ਪਹਿਲੇ ਦਿਨ ਦੀ ਤਰ੍ਹਾਂ ਪ੍ਰਭਾਵਸ਼ਾਲੀ ਗੇਂਦਬਾਜ਼ੀ ਨਹੀਂ ਕਰ ਸਕੇ। ਉਸ ਵੱਲੋਂ ਕਪਤਾਨ ਜੈਦੇਵ ਉਨਾਦਕਟ ਨੇ ਤਿੰਨ, ਜਦਕਿ ਚੇਤਨ ਸਕਾਰੀਆ ਅਤੇ ਕਮਲੇਸ਼ ਮਕਵਾਨਾ ਨੇ ਦੋ-ਦੋ ਵਿਕਟਾਂ ਲਈਆਂ।