ਕੋਲਕਾਤਾ, 2 ਮਾਰਚ
ਬੰਗਾਲ ਦੇ ਇਸ਼ਾਨ ਪੋਰੇਲ ਦੀਆਂ ਪੰਜ ਵਿਕਟਾਂ ਦੀ ਬਦੌਲਤ ਅੱਜ ਇੱਥੇ ਰਣਜੀ ਟਰਾਫ਼ੀ ਸੈਮੀਫਾਈਨਲ ਵਿੱਚ ਸਟਾਰ ਖਿਡਾਰੀਆਂ ਨਾਲ ਸਜ਼ੀ ਕਰਨਾਟਕ ਦੀ ਟੀਮ ਨੂੰ ਪਹਿਲੀ ਪਾਰੀ ਵਿੱਚ 122 ਦੌੜਾਂ ’ਤੇ ਸਮੇਟ ਕੇ ਦੂਜੇ ਦਿਨ ਸਟੰਪ ਤੱਕ ਚਾਰ ਵਿਕਟਾਂ ’ਤੇ 72 ਦੌੜਾਂ ਬਣਾ ਲਈਆਂ। ਅਨੁਸਤੁਪ ਮਜੂਮਦਾਰ ਦੀਆਂ ਨਾਬਾਦ 149 ਦੌੜਾਂ ਦੀ ਮਦਦ ਨਾਲ ਬੰਗਾਲ ਨੇ ਪਹਿਲੀ ਪਾਰੀ ਵਿੱਚ 312 ਦੌੜਾਂ ਬਣਾਈਆਂ, ਜਦਕਿ ਇੱਕ ਸਮੇਂ ਟੀਮ 67 ਦੌੜਾਂ ’ਤੇ ਛੇ ਵਿਕਟਾਂ ਗੁਆ ਚੁੱਕੀ ਸੀ। ਫਿਰ 21 ਸਾਲ ਦੇ ਪੋਰੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 39 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਇਸ ਤਰ੍ਹਾਂ ਬੰਗਾਲ ਦੇ ਗੇਂਦਬਾਜ਼ਾਂ ਨੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਵਾਲੀ ਕਰਨਾਟਕ ਦੀ ਟੀਮ ਨੂੰ 36.2 ਓਵਰਾਂ ਵਿੱਚ ਸਿਰਫ਼ 122 ਦੌੜਾਂ ’ਤੇ ਸਮੇਟ ਦਿੱਤਾ। ਇਹ ਕਰਨਾਟਕ ਦਾ ਇਸ ਸੈਸ਼ਨ ਵਿੱਚ ਸਭ ਤੋਂ ਘੱਟ ਸਕੋਰ ਵੀ ਹੈ। ਹਾਲ ਹੀ ਵਿੱਚ ਟੀ-20 ਕੌਮਾਂਤਰੀ ਲੜੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 5-0 ਦੀ ਹੂੰਝਾ ਫੇਰੂ ਜਿੱਤ ਵਿੱਚ ‘ਮੈਨ ਆਫ ਦਿ ਸੀਰੀਜ਼’ ਰਹੇ ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ 67 ਗੇਂਦਾਂ ਦਾ ਸਾਹਮਣਾ ਕਰਦਿਆਂ ਦੋ ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਕਰਨਾਟਕ ਲਈ ਸਪਿੰਨਰ ਕ੍ਰਿਸ਼ਣੱਪਾ ਗੌਤਮ (31 ਦੌੜਾਂ) ਦੀਆਂ ਸਭ ਤੋਂ ਵੱਧ ਦੌੜਾਂ ਰਹੀਆਂ, ਜਿਸ ਨੇ ਅਭਿਮਨਿਊ ਮਿਥੁਨ (24 ਦੌੜਾਂ) ਨਾਲ ਅੱਠਵੀਂ ਵਿਕਟ ਲਈ 46 ਗੇਂਦਾਂ ਵਿੱਚ 56 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤਰ੍ਹਾਂ ਕਰਨਾਟਕ ਦੀ ਟੀਮ ਫਾਲੋਆਨ ਤੋਂ ਬਚ ਗਈ, ਪਰ ਪਹਿਲੀ ਪਾਰੀ ਦੇ ਹਿਸਾਬ ਨਾਲ 190 ਦੌੜਾਂ ਦੀ ਲੀਡ ਗੁਆ ਬੈਠੀ। ਦੂਜੇ ਦਿਨ ਕੁੱਲ 15 ਵਿਕਟਾਂ ਡਿਗੀਆਂ ਕਿਉਂਕਿ ਸਟੰਪ ਤੱਕ ਬੰਗਾਲ ਨੇ ਦੂਜੀ ਪਾਰੀ ਵਿੱਚ 72 ਦੌੜਾਂ ਤੱਕ ਚਾਰ ਵਿਕਟਾਂ ਗੁਆਈਆਂ ਸਨ।
ਸੁਦੀਪ ਚੈਟਰਜੀ 40 ਦੌੜਾਂ ਬਣਾ ਕੇ ਕ੍ਰੀਜ਼ ’ਤੇ ਸੀ, ਜਦਕਿ ਦੂਜੇ ਪਾਸੇ ਮਜੂਮਦਾਰ ਨੇ ਅਜੇ ਇੱਕ ਹੀ ਦੌੜ ਬਣਾਈ ਸੀ। ਬੰਗਾਲ ਦੀ ਕੁੱਲ ਲੀਡ 262 ਦੌੜਾਂ ਦੀ ਹੋ ਗਈ ਹੈ। ਸਵੇਰੇ ਬੰਗਾਲ ਨੇ ਨੌਂ ਵਿਕਟਾਂ ’ਤੇ 245 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ। ਮਜੂਮਦਾਰ 120 ਦੌੜਾਂ ਬਣਾ ਕੇ ਖੇਡ ਰਿਹਾ ਸੀ। ਉਸ ਨੇ ਅਤੇ ਪੋਰੇਲ ਨੇ ਆਖ਼ਰੀ ਵਿਕਟ ਲਈ 45 ਦੌੜਾਂ ਤੱਕ ਬੱਲੇਬਾਜ਼ੀ ਕਰਦਿਆਂ 79 ਗੇਂਦਾਂ ਵਿੱਚ 54 ਦੌੜਾਂ ਜੋੜੀਆਂ।