ਮੁਹਾਲੀ, 6 ਜਨਵਰੀ
ਨਿਤੀਸ਼ ਰਾਣਾ ਦੀ 92 ਦੌੜਾਂ ਦੀ ਪਾਰੀ ਮਗਰੋਂ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਨੇ ਪੰਜਾਬ ਖ਼ਿਲਾਫ਼ ਰਣਜੀ ਟਰਾਫ਼ੀ ਗਰੁੱਪ ‘ਏ’ ਮੈਚ ਵਿੱਚ ਅੱਜ ਇੱਥੇ ਆਪਣਾ ਪੱਲੜਾ ਭਾਰੀ ਰੱਖਿਆ। ਧਰੁਵ ਸ਼ੋਰੀ ਦੀਆਂ 96 ਦੌੜਾਂ ਮਗਰੋਂ ਰਾਣਾ ਨੇ ਵੀ ਠਰੰਮੇ ਵਾਲੀ ਬੱਲੇਬਾਜ਼ੀ ਕੀਤੀ। ਹੇਠਲੇ ਮੱਧ ਕ੍ਰਮ ਵਿੱਚ ਜੌਂਟੀ ਸਿੱਧੂ ਨੇ 41 ਅਤੇ ਲਲਿਤ ਯਾਦਵ ਨੇ 39 ਦੌੜਾਂ ਦਾ ਯੋਗਦਾਨ ਪਾਇਆ, ਜਿਸ ਨਾਲ ਦਿੱਲੀ ਨੇ ਪਹਿਲੀ ਪਾਰੀ ਵਿੱਚ 339 ਦੌੜਾਂ ਬਣਾ ਕੇ 26 ਦੌੜਾਂ ਦੀ ਲੀਡ ਹਾਸਲ ਕੀਤੀ।
ਪੰਜਾਬ ਨੇ ਪਹਿਲੀ ਪਾਰੀ ਵਿੱਚ 313 ਦੌੜਾਂ ਬਣਾਈਆਂ ਸਨ। ਪੰਜਾਬ ਦੀ ਦੂਜੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਚਾਰ ਵਿਕਟਾਂ ’ਤੇ 44 ਦੌੜਾਂ ਬਣਾਈਆਂ ਹਨ। ਪਹਿਲੀ ਪਾਰੀ ਵਿੱਚ ਅੰਪਾਇਰਾਂ ਨਾਲ ਬਹਿਸਣ ਕਾਰਨ ਵਿਵਾਦਾਂ ਵਿੱਚ ਘਿਰਿਆ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਸਿਰਫ਼ ਚਾਰ ਦੌੜਾਂ ਬਣਾ ਕੇ ਪੈਵਿਲੀਅਨ ਪਰਤ ਗਿਆ। ਉਸ ਨੂੰ ਸੁਬੋਧ ਭਾਟੀ ਨੇ ਤੀਜੇ ਓਵਰ ਵਿੱਚ ਆਊਟ ਕੀਤਾ। ਸਿਮਰਜੀਤ ਸਿੰਘ ਨੇ ਇਸ ਮਗਰੋਂ ਸਨਵੀਰ ਸਿੰਘ (11 ਦੌੜਾਂ) ਅਤੇ ਗੁਰਕੀਰਤ ਸਿੰਘ (15 ਦੌੜਾਂ) ਨੂੰ ਪੈਵਿਲੀਅਨ ਭੇਜਿਆ, ਜਦਕਿ ਕੁੰਵਰ ਬਿਧੁੜੀ ਨੇ ਅਨਮੋਲਪ੍ਰੀਤ ਸਿੰਘ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਦਿਨ ਦੀ ਖੇਡ ਖ਼ਤਮ ਹੋਣ ਤੱਕ ਕਪਤਾਨ ਮਨਦੀਪ ਸਿੰਘ ਅੱਠ ਅਤੇ ਸ਼ਰਦ ਲੂੰਬਾ ਛੇ ਦੌੜਾਂ ’ਤੇ ਖੇਡ ਰਹੇ ਸਨ। ਪੰਜਾਬ ਚੌਥੇ ਦਿਨ ਸਿਰਫ਼ 18 ਦੌੜਾਂ ਨਾਲ ਅੱਗੇ ਚੱਲ ਰਿਹਾ ਹੈ।
ਦੂਜੇ ਪਾਸੇ ਜੈਪੁਰ ਵਿੱਚ ਰਾਜਸਥਾਨ ਨੇ ਅਸ਼ੋਕ ਮਨੇਰੀਆ ਦੀਆਂ 79 ਦੌੜਾਂ ਦੀ ਮਦਦ ਨਾਲ ਆਂਧਰਾ ਖ਼ਿਲਾਫ਼ ਆਪਣੀ ਦੂਜੀ ਪਾਰੀ ਵਿੱਚ ਅੱਠ ਵਿਕਟਾਂ ’ਤੇ 243 ਦੌੜਾਂ ਬਣਾ ਕੇ 137 ਦੌੜਾਂ ਦੀ ਲੀਡ ਹਾਸਲ ਕਰ ਲਈ। ਮਨੇਰੀਆ ਤੋਂ ਇਲਾਵਾ ਰਾਜੇਸ਼ ਬਿਸ਼ਨੋਈ ਨੇ 49 ਦੌੜਾਂ ਬਣਾਈਆਂ। ਕੋਲਕਾਤਾ ਵਿੱਚ ਚੱਲ ਰਹੇ ਮੈਚ ਦੌਰਾਨ ਤੀਜੇ ਦਿਨ ਵੀ ਖੇਡ ਪ੍ਰਭਾਵਿਤ ਰਹੀ ਅਤੇ ਸਿਰਫ਼ 45 ਓਵਰ ਹੀ ਸੁੱਟੇ ਜਾ ਸਕੇ। ਗੁਜਰਾਤ ਨੇ ਸੱਤ ਵਿਕਟਾਂ ’ਤੇ 169 ਦੌੜਾਂ ਬਣਾਈਆਂ ਹਨ। ਉਸ ਵੱਲੋਂ ਪ੍ਰਿਯੰਕ ਪੰਚਾਲ ਨੇ ਸਭ ਤੋਂ ਵੱਧ 40 ਦੌੜਾਂ ਦੀ ਪਾਰੀ ਖੇਡੀ, ਜਦਕਿ ਰਸ ਕਲਾਰੀਆ 33 ਦੌੜਾਂ ’ਤੇ ਖੇਡ ਰਹੇ ਹਨ। ਬੰਗਾਲ ਲਈ ਅਕਸ਼ਦੀਪ ਨੇ ਚਾਰ ਅਤੇ ਇਸ਼ਾਨ ਪੋਰੇਲ ਨੇ ਤਿੰਨ ਵਿਕਟਾਂ ਲਈਆਂ ਹਨ।
ਹੈਦਰਾਬਾਦ ਵਿੱਚ ਗਰੁੱਪ ‘ਏ’ ਦੇ ਮੈਚ ਵਿੱਚ ਹੀ ਕੇਰਲ ਨੇ ਆਪਣੀ ਦੂਜੀ ਪਾਰੀ ਵਿੱਚ ਸੱਤ ਵਿਕਟਾਂ ’ਤੇ 204 ਦੌੜਾਂ ਬਣਾ ਕੇ 140 ਦੌੜਾਂ ਦੀ ਲੀਡ ਹਾਸਲ ਕਰ ਲਈ। ਇਸ ਤੋਂ ਪਹਿਲਾਂ ਹੈਦਰਾਬਾਦ ਨੇ ਕੇਰਲ ਦੀਆਂ 164 ਦੌੜਾਂ ਦੇ ਜਵਾਬ ਵਿੱਚ ਆਪਣੀ ਪਹਿਲੀ ਪਾਰੀ ਵਿੱਚ 228 ਦੌੜਾਂ ਬਣਾਈਆਂ ਸਨ।