ਓਟਵਾ, 19 ਅਗਸਤ : ਰੱਖਿਆ ਮੰਤਰੀ ਬਿੱਲ ਬਲੇਅਰ ਦਾ ਕਹਿਣ ਹੈ ਕਿ ਉਹ ਜੰਗਲ ਦੀ ਅੱਗ ਫੈਲ ਜਾਣ ਕਾਰਨ ਯੈਲੋਨਾਈਫ ਤੋਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੀ ਮਦਦ ਨਾਲ ਰੈਜ਼ੀਡੈਂਟਸ ਨੂੰ ਏਅਰਲਿਫਟ ਕਰਨ ਦੇ ਹੁਕਮ ਦੇਣ ਦੀ ਤਿਆਰੀ ਕਰ ਰਹੇ ਹਨ।
ਬੁੱਧਵਾਰ ਨੂੰ ਯੈਲੋਨਾਈਫ ਵਿੱਚ ਰਹਿਣ ਵਾਲਿਆਂ ਨੂੰ ਜੰਗਲ ਦੀ ਅੱਗ ਕਾਫੀ ਨੇੜੇ ਪਹੁੰਚ ਜਾਣ ਕਾਰਨ ਸਿਟੀ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। 22,000 ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਆਖਿਆ ਗਿਆ ਸੀ।ਇੱਕ ਇੰਟਰਵਿਊ ਵਿੱਚ ਬਲੇਅਰ ਨੇ ਆਖਿਆ ਕਿ ਕਮਰਸ਼ੀਅਲ ਏਅਰਲਾਈਨਜ਼ ਲੋਕਾਂ ਨੂੰ ਸਿਟੀ ਤੋਂ ਬਾਹਰ ਲੈ ਕੇ ਜਾਣ ਲਈ ਲੱਗੀਆਂ ਹੋਈਆਂ ਹਨ ਤੇ ਸੜਕਾਂ ਰਾਹੀਂ ਇਲਾਕਾ ਛੱਡ ਕੇ ਜਾਣ ਵਾਲਿਆਂ ਲਈ ਵੀ ਹਾਈਵੇਅਜ਼ ਖੁੱਲ੍ਹੇ ਪਏ ਹਨ।
ਬਲੇਅਰ ਨੇ ਆਖਿਆ ਕਿ ਜਦੋਂ ਹੀ ਢੁਕਵਾਂ ਲੱਗੇਗਾ ਅਸੀਂ ਰੀਜਨ ਵਿੱਚ ਆਪਣੇ ਫੌਜ ਦੇ ਜਹਾਜ਼ ਭੇਜ ਕੇ ਲੋਕਾਂ ਨੂੰ ਉੱਥੋਂ ਲੈ ਆਵਾਂਗੇ।ਲੋਕਾਂ ਨੂੰ ਏਅਰਲਿਫਟ ਕੀਤੇ ਜਾਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਉੱਤੇ ਬਲੇਅਰ ਨੇ ਆਖਿਆ ਕਿ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਹੁਕਮ ਜਾਰੀ ਕਰਨ ਤੋਂ ਦੋ ਘੰਟੇ ਦੇ ਅੰਦਰ ਅੰਦਰ ਏਅਰਲਿਫਟ ਦਾ ਕੰਮ ਸ਼ੁਰੂ ਹੋ ਜਾਵੇਗਾ।
ਰੌਇਲ ਕੈਨੇਡੀਅਨ ਏਅਰ ਫੋਰਸ ਕੋਲ ਚਾਰ ਜਹਾਜ਼ ਇਹੋ ਜਿਹੇ ਹਨ ਜਿਨ੍ਹਾਂ ਦੀ ਮਦਦ ਨਾਲ ਲੋਕਾਂ ਨੂੰ ਇਸ ਇਲਾਕੇ ਤੋਂ ਏਅਰਲਿਫਟ ਕੀਤਾ ਜਾ ਸਕਦਾ ਹੈ।ਰੀਜਨ ਦੇ ਹੇਅ ਰਿਵਰ ਤੇ ਫੋਰਟ ਸਮਿੱਥ ਵਰਗੇ ਟਾਊਨਜ਼ ਵਿੱਚੋਂ ਲੋਕਾਂ ਨੂੰ ਏਅਰਲਿਫਟ ਕੀਤਾ ਜਾ ਚੁੱਕਿਆ ਹੈ। ਬਲੇਅਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਇਹ ਬਦਲ ਮੌਜੂਦ ਹੈ ਉਦੋਂ ਤੱਕ ਲੋਕਾਂ ਨੂੰ ਸੜਕਾਂ ਰਾਹੀਂ ਜਾਂ ਕਮਰਸ਼ੀਅਲ ਏਅਰਲਾਈਨਜ਼ ਰਾਹੀਂ ਇਲਾਕਾ ਖਾਲੀ ਕਰ ਦੇਣਾ ਚਾਹੀਦਾ ਹੈ।