ਬਾਦਲਾਂ ਵਾਂਗ ਹੀ ਨਾਲਾਇਕ ਰਹੀ ਕੈਪਟਨ ਸਰਕਾਰ-ਹਰਪਾਲ ਸਿੰਘ ਚੀਮਾ

ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ, ਪੰਜਾਬ ਦੇ ਉਜਾੜੇ ਪਿੰਡ ਨੇ ਸਬੂਤ

ਮੁੱਖ ਮੰਤਰੀ ਦੇ ਦਖ਼ਲ ਦੀ ਕੀਤੀ ਮੰਗ

ਚੰਡੀਗੜ੍ਹ, 23 ਜੁਲਾਈ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਾਜਧਾਨੀ ਚੰਡੀਗੜ੍ਹ ‘ਤੇ ਸਿਰਫ਼ ਤੇ ਸਿਰਫ਼ ਪੰਜਾਬ ਦਾ ਹੱਕ ਦੱਸਦੇ ਹੋਏ ਯੂ.ਟੀ. ਕੋਟੇ ‘ਚ ਪੰਜਾਬ ਦੇ ਹਿੱਸੇ ਦੀਆਂ ਅਸਾਮੀਆਂ ‘ਤੇ ਹੋ ਰਹੀ ਡਾਕੇਮਾਰੀ ਦਾ ਸਖ਼ਤ ਨੋਟਿਸ ਲਿਆ ਹੈ।

‘ਆਪ’ ਹੈੱਡਕੁਆਟਰ ਰਾਹੀਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੀ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਇੱਕੋ-ਇੱਕ ਅਸਾਮੀ ਖੋਹ ਲਏ ਜਾਣ ਨੂੰ ਪੰਜਾਬ ਦੇ ਹੱਕਾਂ ‘ਤੇ ਡਾਕਾ ਦੱਸਿਆ ਹੈ। ਚੀਮਾ ਨੇ ਕਿਹਾ ਕਿ ਕੇਂਦਰ ਵੱਲੋਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਚੰਡੀਗੜ੍ਹ ਪ੍ਰਸ਼ਾਸਨ ‘ਚੋਂ ਪੰਜਾਬ ਦਾ ਸਫ਼ਾਇਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦਾ ਚੰਡੀਗੜ੍ਹ ਉੱਤੇ ਦਾਅਵਾ ਦਿਨ ਪ੍ਰਤੀ ਦਿਨ ਕਮਜ਼ੋਰ ਕੀਤਾ ਜਾ ਰਿਹਾ ਹੈ, ਪਰੰਤੂ ਪੰਜਾਬ ਦੀਆਂ ਸੱਤਾਧਾਰੀ ਧਿਰਾਂ ਸੁੱਤੀਆਂ ਰਹੀਆਂ ਅਤੇ ਅਜੇ ਵੀ ਨਹੀਂ ਜਾਗੀਆਂ। ਇਸ ਕਰਕੇ ਅਜਿਹੇ ਬੇਤੁਕੇ ਸਵਾਲ ਉੱਠਣ ਲੱਗੇ ਹਨ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਵੀ ਜਾਂ ਨਹੀਂ ਸਬੂਤ ਦਿੱਤੇ ਜਾਣ। ਚੀਮਾ ਨੇ ਕਿਹਾ ਕਿ ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ ਢਾਈ ਦਰਜਨ ਪਿੰਡ ਪੰਜਾਬ ਦੇ ਸਨ ਅਤੇ ਚੰਡੀਗੜ੍ਹ ਦੀ ਉਸਾਰੀ ਹੀ ਪੰਜਾਬ ਦੀ ਰਾਜਧਾਨੀ ਲਈ ਹੋਈ ਸੀ, ਇਸ ਤੋਂ ਵੱਡਾ ਸਬੂਤ ਕੀ ਹੈ।

ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੀ ਅਸਾਮੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਖ਼ੁਦ ਹੀ ਭਰ ਲਏ ਜਾਣ ਲਈ ਚੀਮਾ ਨੇ ਪਿਛਲੀ ਬਾਦਲ ਸਰਕਾਰ ਨੂੰ ਮੁੱਖ ਦੋਸ਼ੀ ਦੱਸਿਆ। ਚੀਮਾ ਨੇ ਕਿਹਾ ਕਿ ਜਦ ਯੂ.ਟੀ. ਪ੍ਰਸ਼ਾਸਨ ਨੇ ਫਰਵਰੀ 2013 ‘ਚ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੂੰ ਪੱਤਰ ਲਿਖ ਕੇ ਡੈਪੂਟੇਸ਼ਨ ‘ਤੇ ਅਧਿਕਾਰੀ ਮੰਗਿਆ ਸੀ ਤਾਂ ਸਰਕਾਰ ਨੇ ਅਧਿਕਾਰੀ ਭੇਜਣ ਦੀ ਥਾਂ ਪੀਆਰਓਜ ਦੀ ਘਾਟ ਦਾ ਹਵਾਲਾ ਦੇ ਕੇ ਆਪਣੇ ਹੱਥ ਖ਼ੁਦ ਹੀ ਵੱਢ ਲਏ। ਇਸ ਗੁਨਾਹ ਲਈ ਜ਼ਿੰਮੇਵਾਰ ਤਤਕਾਲੀ ਮੰਤਰੀ ਅਤੇ ਅਫ਼ਸਰਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਜਿਸ ਅਧਿਕਾਰੀ ਜਾ ਸਟਾਫ਼ ਦੀ ਤਨਖ਼ਾਹ ਵੀ ਪੰਜਾਬ ਨੇ ਆਪਣੇ ਖ਼ਜ਼ਾਨੇ ‘ਚੋਂ ਨਹੀਂ ਦੇਣੀ ਤਾਂ ਅਜਿਹੀ ਨਕਾਰਾਤਮਿਕ ਪਹੁੰਚ ਕਿਉਂ ਵਰਤੀ ਜਾ ਰਹੀ ਹੈ, ਜਦਕਿ ਪੰਜਾਬ ਦੇ ਬੇਰੁਜ਼ਗਾਰ ਨੌਕਰੀਆਂ ਲਈ ਤਰਸ ਰਹੇ ਹਨ ਅਤੇ ਸੜਕਾਂ ‘ਤੇ ਹਨ।

ਚੀਮਾ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਵੀ ਬਾਦਲਾਂ ਵਾਂਗ ਨਾਲਾਇਕ ਸਾਬਤ ਹੋਈ ਹੈ ਜਿਸ ਨੇ ਇਸ ਕੇਸ ਦੀ ਸਹੀ ਪੈਰਵੀ ਨਹੀਂ ਕੀਤੀ। ਚੀਮਾ ਨੇ ਇਸ ਪੂਰੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਖ਼ਲ ਦੀ ਮੰਗ ਕਰਦੇ ਹੋਏ ਕਿਹਾ ਕਿ ਯੂ.ਟੀ. ਚੰਡੀਗੜ੍ਹ ਸਮੇਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਚ ਪੰਜਾਬ ਦੇ ਕੋਟੇ ਦੀਆਂ ਖ਼ਾਲੀ ਪਈਆਂ ਜਾਂ ਦੱਬੀਆਂ ਗਈਆਂ ਸਾਰੀਆਂ ਅਸਾਮੀਆਂ ਬਹਾਲ ਕਰਾ ਕੇ ਪੰਜਾਬ ਦੇ ਯੋਗ ਨੌਜਵਾਨਾਂ ਨੂੰ ਲਾਭ ਦਿੱਤਾ ਜਾਵੇ।