ਲੰਡਨ : ਯੂ.ਕੇ. ਵਿਚ ਭਾਰੀ ਮੀਂਹ ਅਤੇ ਝੱਖੜ ਮਗਰੋਂ ਆਏ ਹੜ੍ਹਾਂ ਨੇ ਤਬਾਹੀ ਮਚਾ ਦਿਤੀ। ਹੁਣ ਤੱਕ 5 ਮੌਤਾਂ ਹੋਣ ਦੀ ਰਿਪੋਰਟ ਹੈ ਅਤੇ ਮੁਲਕ ਦੇ ਕਈ ਇਲਾਕਿਆਂ ਵਿਚ ਸੜਕੀ ਅਤੇ ਰੇਲ ਆਵਾਜਾਈ ਠੱਪ ਹੋ ਗਈ। ਹਜ਼ਾਰਾਂ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਅਤੇ ਲੋਕ ਕੁਦਰਤੀ ਆਫ਼ਤ ਅੱਗੇ ਲਾਚਾਰ ਨਜ਼ਰ ਆਏ। ਮੌਸਮ ਵਿਭਾਗ ਵੱਲੋਂ ਹੜ੍ਹਾਂ ਨਾਲ ਸਬੰਧਤ 200 ਚਿਤਾਵਨੀਆਂ ਨਵੇਂ ਸਿਰੇ ਤੋਂ ਜਾਰੀ ਕਰਦਿਆਂ ਲੋਕਾਂ ਨੂੰ ਉਚੇ ਇਲਾਕਿਆਂ ਵੱਲ ਜਾਣ ਵਾਸਤੇ ਆਖਿਆ ਗਿਆ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖਤ ਡਿੱਗਣ ਦੀ ਰਿਪੋਰਟ ਹੈ ਅਤੇ ਦੱਖਣੀ ਇੰਗਲੈਂਡ ਵਿਚ ਵਾਪਰੀ ਅਜਿਹੀ ਹੀ ਘਟਨਾ ਦੌਰਾਨ ਇਕ ਕਾਰ ਸਵਾਰ ਦੀ ਮੌਤ ਹੋ ਗਈ ਜਦੋਂ ਇਕ ਭਾਰੀ ਭਰਕਮ ਦਰੱਖਤ ਉਸ ਦੀ ਕਾਰ ’ਤੇ ਡਿੱਗ ਗਿਆ। ਗਰੇਟ ਵੈਸਟ੍ਰਨ ਰੇਲਵੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਰੇਲਵੇ ਸਟੇਸ਼ਨਾਂ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਹਜ਼ਾਰਾਂ ਘਰਾਂ ਵਿਚ ਦਾਖਲ ਹੋਇਆ ਪਾਣੀ
ਵਿਭਾਗ ਨੇ ਕਿਹਾ ਕਿ ਰਾਜਧਾਨੀ ਲੰਡਨ ਨੂੰ ਬ੍ਰਿਸਟਲ ਅਤੇ ਕੌਰਨਵਾਲ ਨਾਲ ਜੋੜਨ ਵਾਲੀਆਂ ਰੇਲਵੇ ਲਾਈਨਾਂ ’ਤੇ ਸੇਵਾਵਾਂ ਪੂਰੀ ਤਰ੍ਹਾਂ ਠੱਪ ਹਨ। ਰਾਜਧਾਨੀ ਲੰਡਨ ਤੋਂ ਦੱਖਣ ਪੱਛਮ ਵੱਲ ਜਾਣ ਵਾਲੀਆਂ ਰੇਲ ਗੱਡੀਆਂ ਵੀ ਰੱਦ ਕੀਤੀਆਂ ਜਾ ਚੁੱਕੀਆਂ ਹਨ। ਦੂਜੇ ਪਾਸੇ ਨੌਰਥੈਂਪਟਨਸ਼ਾਇਰ ਅਤੇ ਬ੍ਰਿਸਟਲ ਵਿਖੇ ਸਾਰੀਆਂ ਪ੍ਰਮੁੱਖ ਸੜਕਾਂ ਵੀ ਬੰਦ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਬਰਤਾਨੀਆਂ ਦੇ ਚੌਥੇ ਸਭ ਤੋਂ ਵੱਧ ਭੀੜ-ਭਾੜ ਵਾਲੇ ਸਟੈਨਸਟੈਡ ਹਵਾਈ ਅੱਡੇ ਦਾ ਲੰਡਨ ਨਾਲ ਰੇਲ ਸੰਪਰਕ ਟੁੱਟ ਚੁੱਕਾ ਹੈ। ਇਕ ਪਾਸੇ ਜਿਥੇ ਮੀਂਹ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਤਾਂ ਦੂਜੇ ਪਾਸੇ ਮੁਲਕ ਦੇ ਕਈ ਹਿੱਸਿਆਂ ਵਿਚ ਬਰਫ਼ਬਾਰੀ ਨੇ ਅਤਿ ਕਰ ਦਿਤੀ। ਯੂ.ਕੇ. ਦੇ ਜ਼ਿਆਦਾਤਰ ਹਿੱਸਿਆਂ ਵਿਚ ਖਰਾਬ ਮੌਸਮ ਕਾਰਨ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹਨ ਅਤੇ ਇਹ ਸਭ ਤੂਫਾਨ ਬਰਟ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।