ਨਿਊਯਾਰਕ, 31 ਅਗਸਤ
ਰੂਸ ਦੇ ਦਾਨਿਲ ਮੈਦਵੇਦੇਵ ਨੇ ਇੱਥੇ ਇਕ ਘੰਟੇ 14 ਮਿੰਟ ਤੱਕ ਚੱਲੇ ਮੁਕਾਬਲੇ ’ਚ ਐਟਿਲਾ ਬਲਾਜ਼ਸ ਨੂੰ 6-1, 6-1, 6-0 ਨਾਲ ਹਰਾ ਕੇ ਯੂਐੱਸ ਓਪਨ ’ਚ ਪੁਰਸ਼ ਸਿੰਗਲਜ਼ ਵਰਗ ਦੇ ਦੂਜੇ ਗੇੜ ’ਚ ਜਗ੍ਹਾ ਬਣਾ ਲਈ ਹੈ। ਜਦਕਿ ਯੂਐੱਸ ਓਪਨ-2012 ਦੇ ਜੇਤੂ ਐਂਡੀ ਮੱਰੇ ਨੇ ਲਗਪਗ ਤਿੰਨ ਘੰਟੇ ਚੱਲੇ ਮੁਕਾਬਲੇ ’ਚ ਕੋਰੈਂਟਿਨ ਮੂਟੇਟ ਨੂੰ 6-2, 7-5, 6-3 ਨਾਲ ਹਰਾ ਕੇ ਅਗਲੇ ਦੌਰ ’ਚ ਕਦਮ ਰੱਖਿਆ।
ਇਸੇ ਦੌਰਾਨ ਔਰਤਾਂ ਦੇ ਸਿੰਗਲਜ਼ ਵਰਗ ’ਚ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ ਬੈਲਜੀਅਮ ਦੀ ਕੁਆਲੀਫਾਇਰ ਗ੍ਰੀਟ ਮਿਨੇਨ ਹੱਥੋਂ 6-1, 6-1 ਨਾਲ ਹਾਰ ਮਿਲੀ। ਹੋਰ ਮੈਚਾਂ ਵਿੱਚ ਤੀਜਾ ਦਰਜਾ ਹਾਸਲ ਜੈਸਿਕਾ ਪੇਗੁਲਾ ਨੇ ਕੈਮਿਲਾ ਜਿਓਰਜੀ ਨੂੰ 6-2, 6-2 ਨਾਲ ਅਤੇ ਓਨਸ ਜੈਬਿਓਰ ਨੇ ਕੈਮਿਲਾ ਓਸੋਰੀਓ ਨੂੰ 7-5, 7-6 ਨਾਲ, ਈ. ਅਲੈਗਜ਼ੈਂਡਰਾ ਨੇ ਐੱਲ. ਫਰਨਾਂਡੇਜ਼ ਨੂੰ 7-5, 7-6, 6-4 ਨਾਲ ਹਰਾਇਆ। ਪਿਛਲੇ ਸਾਲ ਇਸ ਟੂੁਰਨਾਮੈਂਟ ਦੇ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਕੈਰੋਲਿਨ ਗਾਰਸੀਆ ਨੇ ਚੀਨੀ ਕੁਆਲੀਫਾਇਰ ਵਾਂਗ ਯਾਫਾਨ ਨੂੰ 6-4, 6-1 ਨਾਲ ਜਦਕਿ ਵਿੰਬਲਡਨ ਚੈਂਪੀਅਨ ਮਾਰਕੇਟਾ ਵੋਂਡਰੋਸਵਾ ਨੇ ਕੁਆਲੀਫਾਇਰ ਨਾ ਲੇਈ ਹਾਨ ਨੂੰ 6-3, 6-0 ਮਾਤ ਦਿੱਤੀ। ਪੁਰਸ਼ ਵਰਗ ’ਚ 12ਵਾਂ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਅਤੇ 16ਵਾਂ ਦਰਜਾ ਪ੍ਰਾਪਤ ਕੈਮ ਨੌਰੀ ਵੀ ਅਗਲੇ ਦੌਰ ’ਚ ਪਹੁੰਚ ਗਏ ਹਨ। ਇਸ ਤੋਂ ਇਲਾਵਾ ਕਾਰੇਨ ਖਾਚਾਨੋਵ ਨੇ ਮਾਈਕਲ ਐੱਮ. ਨੂੰ 6-2, 6-4, 6-2 ਨਾਲ ਜਦਕਿ ਮਾਟੇਓ ਬੈਰੇਤਤਿਨੀ ਨੇ ਫਰਾਂਸ ਦੇ ਉਗੋ ਹੁਮਬਰਟ ਨੂੰ 6-4, 6-2, 6-2 ਨਾਲ ਹਰਾਇਆ।