ਪੈਰਿਸ, ਇੰਗਲੈਂਡ ਅਤੇ ਪੁਰਤਗਾਲ ਨੇ ਯੂਏਫਾ ਯੂਰੋ-2020 ਕੁਆਲੀਫਾਈਂਗ ਟੂਰਨਾਮੈਂਟ ਵਿੱਚ ਕ੍ਰਮਵਾਰ ਕੋਸੋਵੋ ਅਤੇ ਐਂਡੋਰਾ ਨੂੰ ਹਰਾਇਆ, ਜਦਕਿ ਫਰਾਂਸ ਨੇ ਲਿਥੂਆਨੀਆ ’ਤੇ ਜਿੱਤ ਦਰਜ ਕੀਤੀ। ਆਪਣੇ ਕਰੀਅਰ ਦਾ 160ਵਾਂ ਕੌਮਾਂਤਰੀ ਮੈਚ ਖੇਡ ਰਹੇ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਦੇ ਚਾਰ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਵਿਲਨੀਅਸ ਵਿੱਚ ਹੋਏ ਮੈਚ ਵਿੱਚ 5-1 ਗੋਲਾਂ ਨਾਲ ਜਿੱਤ ਹਾਸਲ ਕੀਤੀ।
ਹੌਲੀ ਸ਼ੁਰੂਆਤ ਮਗਰੋਂ ਪੁਰਤਗਾਲ ਨੇ ਗਰੁੱਪ ‘ਬੀ’ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਹੁਣ ਉਹ ਚੋਟੀ ’ਤੇ ਕਾਬਜ਼ ਯੂਕਰੇਨ ਤੋਂ ਪੰਜ ਅੰਕ ਪਿੱਛੇ ਹੈ। ਪੁਰਤਗਾਲ ਨੇ ਯੂਕਰੇਨ ਅਤੇ ਸਰਬੀਆ ਖ਼ਿਲਾਫ਼ ਡਰਾਅ ਨਾਲ ਆਗਾਜ਼ ਕੀਤਾ ਸੀ, ਜਿਸ ਮਗਰੋਂ ਲਿਥੂਆਨੀਆ ਨੂੰ ਹਰਾਇਆ। ਸਰਬੀਆ ਨੇ ਲਗਜ਼ਮਬਰਗ ਨੂੰ 3-1 ਗੋਲਾਂ ਨਾਲ ਸ਼ਿਕਸਤ ਦਿੱਤੀ। ਇਸੇ ਤਰ੍ਹਾਂ ਸਾਊਥੈਂਪਟਨ ਵਿੱਚ ਇੰਗਲੈਂਡ ਨੇ ਵਿਸ਼ਵ ਦਰਜਾਬੰਦੀ ਵਿੱਚ 120ਵੇਂ ਸਥਾਨ ’ਤੇ ਕਾਬਜ਼ ਕੋਸੋਵੋ ਨੂੰ 5-1 ਗੋਲਾਂ ਨਾਲ ਕਰਾਰੀ ਹਾਰ ਦਿੱਤੀ।
ਇੰਗਲੈਂਡ ਗਰੁੱਪ ‘ਏ’ ਵਿੱਚ ਚੈੱਕ ਗਣਰਾਜ ਤੋਂ ਤਿੰਨ ਅੰਕ ਅੱਗੇ ਚੋਟੀ ’ਤੇ ਹੈ। ਚੈੱਕ ਗਣਰਾਜ ਦੀ ਟੀਮ ਨੇ ਮੌਟੇਨੀਗਰੋ ਨੂੰ 3-0 ਨਾਲ ਸ਼ਿਕਸਤ ਦਿੱਤੀ। ਵਿਸ਼ਵ ਚੈਂਪੀਅਨ ਫਰਾਂਸ ਨੇ ਪੈਰਿਸ ਵਿੱਚ ਐਂਡੋਰਾ ਨੂੰ 3-0 ਗੋਲਾਂ ਨਾਲ ਹਰਾਇਆ। ਹੋਰ ਮੈਚਾਂ ਵਿੱਚ ਤੁਰਕੀ ਨੇ ਮੋਲਦੋਵਾ ਨੂੰ 4-0 ਨਾਲ ਹਰਾ ਕੇ ਧੂੜ ਚਟਾਈ, ਜਦਕਿ ਆਈਸਲੈਂਡ ਨੂੰ ਅਲਬਾਨੀਆ ਨੇ 4-2 ਨਾਲ ਮਾਤ ਦਿੱਤੀ।