ਵਾਸ਼ਿੰਗਟਨ, ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਨਾਲ ਗੱਲਬਾਤ ਲਈ ਸਿੰਗਾਪੁਰ ਪੁੱਜਣ ਮਗਰੋਂ ਵਪਾਰਕ ਮੁੱਦਿਆਂ ’ਤੇ ਕੈਨੇਡਾ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਮੁੜ ਮੋਰਚਾ ਖੋਲ੍ਹਿਆ। ਉਨ੍ਹਾਂ ਕਿਹਾ ,‘‘ ਮੁਕਤ ਵਪਾਰ ਨੂੰ ਹੁਣ ਮੂਰਖਤਾ ਪੂਰਨ ਵਪਾਰ ਕਿਹਾ ਜਾਵੇਗਾ ਜੇ ਉਹ ਦੁਪਾਸੜ ਨਹੀਂ ਹੈ।’’ ਜ਼ਿਕਰਯੋਗ ਹੈ ਕਿ ਟਰੰਪ ਨੇ ਕੈਨੇਡਾ ਵਿੱਚ ਸੱਤ ਸਨਅਤੀ ਮੁਲਕਾਂ ਦੇ ਜੀ 7 ਸਿਖਰ ਸੰਮੇਲਨ ਦੌਰਾਨ ਸਾਂਝੇ ਬਿਆਨ ਤੋਂ ਪਾਸਾ ਵੱਟ ਲਿਆ ਸੀ। ਉਨ੍ਹਾਂ ਸ਼ਿਕਵਾ ਕੀਤਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀ ਗਈ ਨੁਕਤਾਚੀਨੀ ਨਾਲ ਉਸ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਸੀ। ਆਪਣੇ ਟਵੀਟ ਵਿੱਚ ਟਰੰਪ ਨੇ ਟਰੂਡੋ ਦੀ ਬੇਇਜ਼ਤੀ ਕਰਦਿਆਂ ਉਨ੍ਹਾਂ ਨੂੰ ਕਮਜ਼ੋਰ ਅਤੇ ਬੇਈਮਾਨ ਕਿਹਾ ਸੀ। ਲੰਮੇ ਸਮੇਂ ਤੋਂ ਦੋਸਤ ਰਹੇ ਕੈਨੇਡਾ ਅਤੇ ਉਸ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਕੀਤੀ ਇਸ ਟਿੱਪਣੀ ਕਾਰਨ ਟਰੰਪ ਦੀ ਕਾਫ਼ੀ ਆਲੋਚਨਾ ਹੋਈ ਹੈ। ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਨੇ ਕਿਹਾ ਕਿ ਟਰੰਪ ਦਾ ਟਵੀਟ ਨਿਰਾਸ਼ਾਜਨਕ ਹੈ ਅਤੇ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘‘ ਇਹ ਮੁਸ਼ਕਲ ਹੈ। ਇਹ ਨਿਰਾਸ਼ਾਜਨਕ ਹੈ, ਪਰ ਇਹ ਅੰਤ ਨਹੀਂ ਹੈ।’’
ਦੂਜੇ ਪਾਸੇ ਟਰੰਪ ਦੀ ਟਿੱਪਣੀ ਤੋਂ ਬਾਅਦ ਯੂਰਪੀ ਯੂਨੀਅਨ ਟਰੂਡੋ ਦੇ ਸਮਰਥਨ ਵਿੱਚ ਆ ਗਈ ਹੈ। ਯੂਰਪੀ ਕਮਿਸ਼ਨ ਦੇ ਬੁਲਾਰੇ ਮਾਰਗਰਿਟਿਸ ਸ਼ਿਨਾਸ ਨੇ ਕਿਹਾ ਕਿ ਯੂਰਪੀ ਯੂਨੀਅਨ ਜੀ-7 ਸ਼ਿਖਰ ਸੰਮੇਲਨ ਦੀ ਸਮਾਪਤੀ ਬਾਅਦ ਜਾਰੀ ਸਾਂਝੇ ਬਿਆਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਯੂਰਪੀ ਕਮਿਸ਼ਨ ਦੇ ਮੁਖੀ ਜੀਨ ਕਲੌਡ ਜੰਕਰ ਨੇ ਸਿਖਰ ਸੰਮੇਲਨ ਦੀ ਸਫਲ਼ਤਾਪੂਰਨ ਮੇਜ਼ਬਾਨੀ ਲਈ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਟਰੰਪ ਜੀ-7 ਸਿਖਰ ਸੰਮੇਲਨ ਦੌਰਾਨ ਵਪਾਰ ਸਬੰਧੀ ਲਏ ਗਏ ਫੈਸਲਿਆਂ ਬਾਰੇ ਸਾਂਝੇ ਬਿਆਨ ਨਾਲ ਸਹਿਮਤ ਸੀ ਪਰ ਮਗਰੋਂ ਉਨ੍ਹਾਂ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ ਸੀ। ਇਸ ਦੇ ਨਾਲ ਹੀ ਬ੍ਰਿਟੇਨ ਨੇ ਅਮਰੀਕਾ ਨੂੰ ਜੀ-7 ਸੰਮੇਲਨ ਦੌਰਾਨ ਲਏ ਗਏ ਫੈਸਲਿਆਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਹਾਲੇ ਵੀ ਜੀ-7 ਕਰਾਉਣ ਵਾਲੇ ਮੇਜ਼ਬਾਨ ਮੁਲਕ ਕੈਨੇਡਾ ਵਿਰੱੁਧ ਕਈ ਕੱੁਝ ਕਿਹਾ ਜਾ ਰਿਹਾ ਹੈ।