ਚੰਡੀਗੜ੍ਹ, 20 ਅਪਰੈਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਅਪਰਾਧੀ ਨੂੰ ਰੋਪੜ ਜੇਲ੍ਹ ’ਚ ਸੁੱਖ- ਸਹੂਲਤਾਂ ਦੇ ਕੇ ਰੱਖਿਆ ਗਿਆ ਸੀ ਤੇ ਉਸ ਖ਼ਿਲਾਫ਼ 48 ਵਾਰ ਵਰੰਟ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀ ਕੀਤਾ ਗਿਆ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਉਸ ਅਪਰਾਧੀ ਨੂੰ ਬਚਾਉਣ ਲਈ ਰਾਜ ਸਰਕਾਰ ਦੇ ਖਾਤੇ ’ਚੋਂ ਮਹਿੰਗੇ ਵਕੀਲ ਕੀਤੇ ਤੇ ਖਜ਼ਾਨੇ ’ਤੇ 55 ਲੱਖ ਰੁਪਏ ਦਾ ਭਾਰ ਪਾਇਆ ਗਿਆ। ਉਨ੍ਹਾਂ ਕਿਹਾ,‘ਮੈਂ ਲੋਕਾਂ ਦੇ ਟੈਕਸ ’ਚੋਂ ਖ਼ਰਚੇ ਵਾਲੀ ਫ਼ਾਈਲ ਵਾਪਸ ਮੋੜ ਦਿੱਤੀ ਹੈ, ਜਿਹੜੇ ਮੰਤਰੀਆਂ ਦੇ ਹੁਕਮਾਂ ’ਤੇ ਇਹ ਫੈਸਲਾ ਹੋਇਆ ਹੈ, ਖਰਚਾ ਉਨ੍ਹਾਂ ਤੋਂ ਵਸੂਲਣ ਦੀ ਰਵਾਇਤ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।’ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਈ ਪੁਲੀਸ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਜਨਵਰੀ 2019 ਤੋਂ ਅਪਰੈਲ 2021 ਤੱਕ ਦੋ ਸਾਲ ਅਤੇ ਤਿੰਨ ਮਹੀਨੇ ਰੋਪੜ ਦੀ ਜੇਲ੍ਹ ਵਿੱਚ ਬੰਦ ਰਿਹਾ। ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ। ਏਡੀਜੀਪੀ ਰੈਂਕ ਦੇ ਅਧਿਕਾਰੀ ਵੱਲੋਂ ਕਰਵਾਈ ਜਾਂਚ ਵਿੱਚ ਕੁਝ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕਥਿਤ ਤੌਰ ’ਤੇ ਰਿਸ਼ਵਤ ਲੈਣ ਅਤੇ ਰੋਪੜ ਜੇਲ੍ਹ ਵਿੱਚ ਰੱਖਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ‘ਆਪ’ ਸਰਕਾਰ ਨੇ ਪਿਛਲੇ ਸਾਲ ਜਾਂਚ ਦੇ ਹੁਕਮ ਦਿੱਤੇ ਸਨ। ਸ੍ਰੀ  ਮਾਨ ਨੇ ਅੱਜ ਕਿਹਾ ਕਿ ਉਸ ਖ਼ਿਲਾਫ਼ 48 ਵਾਰ ਵਾਰੰਟ ਜਾਰੀ ਕੀਤੇ ਗਏ ਸਨ ਤਾਂ ਜੋ ਉਸ ਨੂੰ ਉੱਤਰ ਪ੍ਰਦੇਸ਼ ਭੇਜਿਆ ਜਾ ਸਕੇ ਪਰ ਕੋਈ ਫਾਇਦਾ ਨਹੀਂ ਹੋਇਆ।