ਨਵੀਂ ਦਿੱਲੀ, 20 ਜਨਵਰੀ
ਭਾਜਪਾ ਨੇ ਅੱਜ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਿੱਚ ਸੰਨ੍ਹ ਮਾਰ ਦਿੱਤੀ। ਉਸ ਨੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੇ ਰਿਸ਼ਤੇਦਾਰ ਪ੍ਰਮੋਦ ਗੁਪਤਾ ਅਤੇ ਕਾਂਗਰਸ ਦੀ ‘ਲੜਕੀ ਹੂੰ ਲੜ ਸਕਤੀ ਹੂੰ’ ਪੋਸਟਰ ਦਾ ਚਿਹਰਾ ਪ੍ਰਿਅੰਕਾ ਮੌਰਿਆ ਨੂੰ ਆਪਣੇ ਵਿੱਚ ਰਲਾ ਲਿਆ।
ਪ੍ਰਮੋਦ ਗੁਪਤਾ, ਜੋ 2012 ਵਿੱਚ ਸਪਾ ਵਿਧਾਇਕ ਸਨ, ਮੁਲਾਇਮ ਸਿੰਘ ਦੇ ਕਰੀਬੀ ਹਨ ਅਤੇ ਕੱਲ੍ਹ ਦਾਅਵਾ ਕੀਤਾ ਸੀ ਕਿ ਸਪਾ ਮੁਖੀ ਅਖਿਲੇਸ਼ ਯਾਦਵ ਨੇ ਆਪਣੇ ਪਿਤਾ ਨੂੰ ਬੰਦੀ ਬਣਾ ਲਿਆ ਹੈ ਤੇ ਉਹ ਕਿਸੇ ਨੂੰ ਮਿਲਣ ਨਹੀਂ ਦੇ ਰਹੇ। ਇਹ ਵੀ ਕਿਹਾ ਜਾਂਦਾ ਹੈ ਕਿ ਭਾਜਪਾ ਸਪਾ ਮੁਖੀ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਮੁਲਾਇਮ ਸਿੰਘ ਦੇ ਭਰਾ ਸ਼ਿਵਪਾਲ ਯਾਦਵ ਦੇ ਸੰਪਰਕ ਵਿੱਚ ਵੀ ਹੈ। ਇਸ ਦੌਰਾਨ ਪ੍ਰਿਅੰਕਾ ਮੌਰੀਆ ਟਿਕਟ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਕਾਂਗਰਸ ਤੋਂ ਭਾਜਪਾ ਵਿੱਚ ਆ ਗਈ। ਉਹ ਯੂਪੀ ਮਹਿਲਾ ਕਾਂਗਰਸ ਦੀ ਉਪ ਪ੍ਰਧਾਨ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ‘ਲੜਕੀ ਹੂੰ ਲੜ ਸਕਤੀ ਹੂੰ’ ਮੁਹਿੰਮ ਦੀ ਪੋਸਟਰ ਗਰਲ ਹੈ।