ਲਖਨਊ, 21 ਮਾਰਚ

ਉੱਤਰ ਪ੍ਰਦੇਸ਼ ਦੇ ਬਿਜਲੀ ਵਿਭਾਗ ‘ਚ ਤਾਇਨਾਤ ਐੱਸਡੀਓ ਨੂੰ ਕਥਿਤ ਤੌਰ ‘ਤੇ ਅਤਿਵਾਦੀ ਓਸਾਮਾ ਬਿਨ ਲਾਦੇਨ ਦੀ ਤਸਵੀਰ ਆਪਣੇ ਦਫ਼ਤਰ ’ਚ ਲਗਾ ਕੇ ਉਸ ਨੂੰ ਆਪਣਾ ਆਦਰਸ਼ ਮੰਨਣ ਦੇ ਦੋਸ਼ ’ਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ| ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ। ਦਕਸ਼ਾਂਚਲ ਬਿਜਲੀ ਵੰਡ ਨਿਗਮ ਦੇ ਐੱਮਡੀ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਅਮਿਤ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਫ਼ਾਰਸ਼ ‘ਤੇ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (ਯੂਪੀਪੀਸੀਐੱਲ) ਦੇ ਚੇਅਰਮੈਨ ਐੱਮ. ਦੇਵਰਾਜ ਨੇ ਵਿਭਾਗੀ ਐੱਸਡੀਓ ਰਵਿੰਦਰ ਪ੍ਰਕਾਸ਼ ਗੌਤਮ ਦੀ ਸੇਵਾ ਸਮਾਪਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਐੱਸਡੀਓ ਓਸਾਮਾ ਬਿਨ ਲਾਦੇਨ ਦੀ ਤਸਵੀਰ ਲਗਾ ਕੇ ਉਸ ਨੂੰ ਆਪਣਾ ਆਦਰਸ਼ ਦੱਸਦਾ ਸੀ।