ਅਮਲੋਹ, 5 ਸਤੰਬਰ

ਇੱਥੇ ਦੀ ਦੇਸ਼ ਭਗਤ ਯੂਨੀਵਰਸਿਟੀ ਅਧੀਨ ਪੈਂਦੇ ਨਰਸਿੰਗ ਕਾਲਜ ਦੇ ਪਹਿਲੇ, ਦੂਜੇ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਅੱਜ ਮੁੜ ਯੂਨੀਵਰਸਿਟੀ ਅੱਗੇ ਮੰਡੀ ਗੋਬਿੰਦਗੜ੍ਹ-ਨਾਭਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਧਰਨਾ ਲਾਇਆ। ਇਸ ਦੌਰਾਨ ਥਾਣਾ ਅਮਲੋਹ ਦੇ ਮੁਖੀ ਰਣਦੀਪ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ ਜਲਦੀ ਇਨਸਾਫ਼ ਦਿਵਾਉਣ ਅਤੇ ਫ਼ੀਸਾਂ ਵਾਪਸ ਕਰਵਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ ਅਤੇ ਬਾਅਦ ਵਿੱਚ ਵਿਦਿਆਰਥੀ ਆਗੂਆਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਦੀ ਉਪ ਪੁਲੀਸ ਕਪਤਾਨ ਦੇ ਦਫ਼ਤਰ ਵਿਚ ਲੰਮਾ ਸਮਾਂ ਮੀਟਿੰਗ ਵੀ ਹੋਈ। ਵਿਦਿਆਰਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਨਰਸਿੰਗ ਦੀ ਪੜ੍ਹਾਈ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਸਰਕਾਰ ਵੱਲੋਂ ਨਿਰਧਾਰਤ ਸੀਟਾਂ ਤੋਂ ਕਿਤੇ ਵੱਧ ਵਿਦਿਆਰਥੀਆਂ ਨੂੰ ਦਾਖ਼ਲੇ ਦੇ ਕੇ ਲੱਖਾਂ ਰੁਪਏ ਬਟੋਰ ਲਏ ਗਏ ਅਤੇ ਹੁਣ ਉਨ੍ਹਾਂ ਨੂੰ ਕਿਸੇ ਹੋਰ ਕਾਲਜ ਦੀਆਂ ਡਿਗਰੀਆਂ ਦੇਣ ਦੀ ਗੱਲ ਆਖੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਨਿਰਧਾਰਤ ਸੀਟਾਂ ਤੋਂ ਵੱਧ ਦਾਖਲ ਕੀਤੇ ਵਿਦਿਆਰਥੀਆਂ ਦੀਆਂ ਸੀਟਾਂ ਨੂੰ ਇੰਡੀਅਨ ਨਰਸਿੰਗ ਕੌਂਸਲ ਤੋਂ ਕੋਈ ਮਾਨਤਾ ਨਹੀਂ ਜਦੋਂਕਿ ਦਾਖ਼ਲੇ ਸਮੇਂ ਇੰਡੀਅਨ ਨਰਸਿੰਗ ਕੌਂਸਲ ਤੋਂ ਮਾਨਤਾ ਪ੍ਰਾਪਤ ਹੋਣ ਦੀ ਗੱਲ ਆਖ ਕੇ ਦਾਖ਼ਲੇ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਥਾਣਾ ਅਮਲੋਹ ਅਤੇ ਉਪ ਪੁਲੀਸ ਕਪਤਾਨ ਕੋਲ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।

ਇਸੇ ਦੌਰਾਨ ਸੋਸ਼ਲ ਮੀਡੀਆ ’ਤੇ ਵਿਦਿਆਰਥੀਆਂ ਦਾ ਇਕ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਨ੍ਹਾਂ ਖੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ਕਾਰਨ ਉਨ੍ਹਾਂ ਕੋਲ ਖੁਦਕਸ਼ੀ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਈ ਸਾਲ ਅਤੇ ਲੱਖਾਂ ਰੁਪਏ ਬਰਬਾਦ ਹੋ ਗਏ ਹਨ। ਖ਼ਬਰ ਲਿਖੇ ਜਾਣ ਤੱਕ ਅਧਿਕਾਰੀਆਂ ਅਤੇ ਵਿਦਿਆਰਥੀਆਂ ਵਿਚਾਲੇ ਉਪ ਪੁਲੀਸ ਕਪਤਾਨ ਦੇ ਦਫ਼ਤਰ ’ਚ ਮੀਟਿੰਗ ਜਾਰੀ ਸੀ। ਇਸ ਸਬੰਧੀ ਥਾਣਾ ਮੁਖੀ ਨਾਲ ਸੰਪਰਕ ਨਹੀਂ ਹੋ ਸਕਿਆ।