ਨਵੀਂ ਦਿੱਲੀ:ਪੋਲੈਂਡ ਵਿੱਚ ਹੋ ਰਹੀ ਯੂਥ ਵਿਸ਼ਵ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜੇ ਦਿਨ ਭਾਰਤੀ ਮੁੱਕੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸਾਰੇ ਮੈਚ ਜਿੱਤੇ ਤੇ ਮਹਿਲਾ ਟੀਮ ਵਿੱਚੋਂ ਦੋ ਮੁੱਕੇਬਾਜ਼ ਕੁਆਰਟਰ ਫਾਈਨਲ ਵਿੱਚ ਪੁੱਜ ਗਈਆਂ। ਪੂਨਮ (57 ਕਿਲੋ) ਅਤੇ ਵਿੰਕਾ (60 ਕਿਲੋ) ਨੇ ਆਖ਼ਰੀ ਅੱਠ ਵਿੱਚ ਜਗ੍ਹਾ ਬਣਾਈ। ਪੂਨਮ ਨੇ ਹੰਗਰੀ ਦੀ ਬਿਆਟਾ ਵਾਰਗਾ ਨੂੰ ਹਰਾਇਆ ਜਦਕਿ ਵਿੰਕਾ ਨੇ ਬੋਸਨੀਆ ਅਤੇ ਹਰਜ਼ੇਗੋਵਨੀਆ ਦੀ ਟਾਰਾ ਬੋਹਾਜੁਕ ਨੂੰ ਮਾਤ ਦਿੱਤੀ। ਪੁਰਸ਼ਾਂ ਵਿੱਚ ਏਸ਼ਿਆਈ ਨੌਜਵਾਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਅੰਕਿਤ ਨਰਵਾਲ (64 ਕਿਲੋ) ਨੇ ਸਲੋਵਾਕੀਆ ਦੇ ਮੀਰੋਸਲਾਵ ਹਰਸੇਗ ਨੂੰ 5-0 ਨਾਲ ਹਰਾ ਕੇ ਦੂਜੇ ਦੌਰ ਵਿੱਚ ਥਾਂ ਬਣਾਈ। 91 ਕਿਲੋ ਵਰਗ ਵਿੱਚ ਵਿਸ਼ਾਲ ਗੁਪਤਾ ਨੇ ਬੁਲਗਾਰੀਆ ਦੇ ਜੌਰਜੀ ਸਟੋਏਵ ਨੂੰ ਹਰਾ ਕੇ ਆਖ਼ਰੀ 16 ’ਚ ਥਾਂ ਬਣਾਈ। ਵਿਕਾਸ (52 ਕਿਲੋ) ਵੀ ਪ੍ਰੀ ਕੁਆਰਟਰ ਫਾਈਨਲ ਵਿੱਚ ਪੁੱਜ ਗਿਆ।