ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ, ਜਿਸ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਦੀ ਪਾਕਿਸਤਾਨੀ ਖੁਫੀਆ ਏਜੰਸੀ ਦੇ ਅਧਿਕਾਰੀ ਨਾਲ ਇੱਕ ਹੋਰ ਵਟਸਐਪ ਚੈਟ ਸਾਹਮਣੇ ਆਈ ਹੈ। ਹਸਨ ਅਲੀ ਨੇ ਜੋਤੀ ਨੂੰ ਕਿਹਾ, “ਮੇਰੇ ਦੋਸਤ, ਮੇਰੇ ਦਿਲੋਂ ਦੁਆ ਨਿਕਲਦੀ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ। ਤੁਸੀਂ ਹਮੇਸ਼ਾ ਹੱਸਦੇ-ਖੇਡਦੇ ਰਹੋ, ਜ਼ਿੰਦਗੀ ਵਿੱਚ ਕਦੇ ਕੋਈ ਦੁੱਖ ਨਾ ਆਵੇ।” ਇਸ ਦੇ ਜਵਾਬ ਵਿੱਚ ਜੋਤੀ ਨੇ ਹਾਸੀ ਵਾਲੇ ਇਮੋਜੀ ਨਾਲ ਕਿਹਾ, “ਮੇਰਾ ਵਿਆਹ ਪਾਕਿਸਤਾਨ ਵਿੱਚ ਕਰਵਾ ਦਿਓ।”
ਇੱਕ ਸਾਲ ਪਹਿਲਾਂ ਜੋਤੀ ਪਠਾਨਕੋਟ ਗਈ ਸੀ। ਹਾਲਾਂਕਿ, ਉਸ ਨੇ ਉੱਥੇ ਯਾਤਰਾ ਨਾਲ ਸਬੰਧਤ ਕੋਈ ਵੀਡੀਓ ਨਹੀਂ ਬਣਾਇਆ, ਪਰ ਫੇਸਬੁੱਕ ‘ਤੇ ਸਾਂਝੀ ਕੀਤੀ ਇੱਕ ਫੋਟੋ ਅਤੇ ਇੱਕ ਛੋਟੀ ਕਲਿੱਪ ਨਾਲ ਉਸ ਦੀ ਉੱਥੇ ਫੇਰੀ ਦਾ ਪਤਾ ਲੱਗਿਆ। ਇਸ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਖੁਫੀਆ ਬਿਊਰੋ (ਆਈਬੀ) ਦੀ ਟੀਮ ਨੇ ਮੰਗਲਵਾਰ (20 ਮਈ) ਨੂੰ ਉਸ ਨੂੰ ਪਠਾਨਕੋਟ ਲੈ ਗਈ।
ਐਨਆਈਏ ਨੇ ਜੋਤੀ ਦੀ ਪਠਾਨਕੋਟ ਫੇਰੀ ਨੂੰ ਸ਼ੱਕੀ ਮੰਨਿਆ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਉੱਥੇ ਫੌਜੀ ਛਾਉਣੀ ਅਤੇ ਹਵਾਈ ਅੱਡੇ ਦੀ ਰੇਕੀ ਕਰਨ ਦੇ ਮਕਸਦ ਨਾਲ ਆਈ ਸੀ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਪਠਾਨਕੋਟ ਵਿੱਚ ਫੌਜੀ ਛਾਉਣੀ ਅਤੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ 2016 ਵਿੱਚ ਵੀ ਇੱਕ ਹਮਲਾ ਹੋਇਆ ਸੀ।