ਲੰਡਨ, 12 ਦਸੰਬਰ

ਇੰਗਲੈਂਡ ਦੀ ਬਰਿਸਟਲ ਯੂਨੀਵਰਸਿਟੀ ਦੇ ਭਾਰਤੀ ਵਿਦਿਆਰਥੀ ਤੇ ਪੁਰਸਕਾਰ ਜੇਤੂ ਵਾਤਾਵਰਨ ਮਾਹਿਰ ਨੇ ਯੂਕੇ ਦੇ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਨੂੰ ਸੈਰ ਦੇ ਨਾਲ-ਨਾਲ ਕੂੜਾ ਚੁੱਕਣ (ਪਲੌਗਿੰਗ) ਲਈ ਪ੍ਰੇਰਿਤ ਕੀਤਾ ਹੈ। ਪੁਣੇ ਨਾਲ ਸਬੰਧਤ ਵਿਵੇਕ ਗੌਰਵ ਸਵੀਡਿਸ਼ ਅਭਿਆਸ ‘ਪਲੌਗਿੰਗ’ ਤੋਂ ਪ੍ਰਭਾਵਿਤ ਹੈ। ਉੱਥੇ ‘ਜੌਗਿੰਗ’ (ਸੈਰ) ਦੇ ਨਾਲ-ਨਾਲ ਲੋਕਾਂ ਨੂੰ ਆਲੇ-ਦੁਆਲੇ ਖਿੱਲਰਿਆ ਕੂੜਾ ਚੁੱਕਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਭਾਰਤ ਵਿਚ ਵੀ ਗੌਰਵ ਨੇ ਸੰਨ 2018 ’ਚ ‘ਪੁਣੇ ਪਲੌਗਰਜ਼’ ਦੀ ਸਥਾਪਨਾ ਕੀਤੀ ਸੀ। ਇਸ ਦੇ 10 ਹਜ਼ਾਰ ਤੋਂ ਵੱਧ ਮੈਂਬਰ ਹੁਣ ਤੱਕ ਦਸ ਲੱਖ ਕਿਲੋਗ੍ਰਾਮ ਕੂੜਾ ਇਕੱਠਾ ਕਰ ਚੁੱਕੇ ਹਨ। ਬਰਿਸਟਲ ਯੂਨੀਵਰਸਿਟੀ ਵਿਚ ਸਕਾਲਰਸ਼ਿਪ ਉਤੇ ਆਏ ਵਿਵੇਕ ਯੂਕੇ ਵਿਚ ਵੀ ਇਹ ਅਭਿਆਸ ਜਾਰੀ ਰੱਖਣਾ ਚਾਹੁੰਦੇ ਸਨ। ਪਿਛਲੇ ਸਾਲ ਸਤੰਬਰ ਤੋਂ ਹੁਣ ਤੱਕ ਉਹ 120 ਪਲੌਗਿੰਗ ‘ਮਿਸ਼ਨ’ ਸਿਰੇ ਚੜ੍ਹਾ ਚੁੱਕੇ ਹਨ ਅਤੇ ਕਰੀਬ 420 ਮੀਲ ਦਾ ਪੈਂਡਾ ਤੈਅ ਕੀਤਾ ਹੈ। ਉਨ੍ਹਾਂ ਵੱਲੋਂ ਚਲਾਈ ਮੁਹਿੰਮ ਵਿਚ 180 ਦੇਸ਼ਾਂ ਦੇ ਵਾਲੰਟੀਅਰ ਸ਼ਾਮਲ ਹੋਏ ਹਨ। ਗੌਰਵ ਨੇ ਕਿਹਾ ਕਿ ਪਹਿਲਾਂ ਉਹ ਬਰਿਸਟਲ ਵਿਚ ਹੀ ਅਜਿਹਾ ਕਰ ਰਿਹਾ ਸੀ ਪਰ ਮਗਰੋਂ ਉਸ ਨੂੰ ਮੈਨਚੈਸਟਰ, ਲੀਡਜ਼, ਡਰਬੀ ਤੇ ਹੋਰ ਥਾਵਾਂ ਤੋਂ ਵੀ ਸੱਦਾ ਆਉਣ ਲੱਗਾ। ਇਸ ਤੋਂ ਬਾਅਦ ਵਿਵੇਕ ਨੇ ਕਰੀਬ 30 ਸ਼ਹਿਰਾਂ ਵਿਚ ਇਸ ਚੁਣੌਤੀ ਨੂੰ ਸਵੀਕਾਰਿਆ। ਐਪ ਡਿਵੈਲਪਰ ਵਜੋਂ ਕੰਮ ਕਰ ਚੁੱਕੇ ਵਿਵੇਕ ਨੂੰ ਆਸ ਹੈ ਕਿ ਹੋਰ ਲੋਕ ਵੀ ਉਸ ਨਾਲ ਜੁੜਨਗੇ। ਉਹ ਜਨਤਕ ਟਰਾਂਸਪੋਰਟ ਸੇਵਾ ਰਾਹੀਂ ਹਰ ਸ਼ਹਿਰ ਜਾਂਦਾ ਹੈ। ਉਸ ਦੇ ਸੋਸ਼ਲ ਮੀਡੀਆ ’ਤੇ ਨੌਟਿੰਘਮ, ਸ਼ੈਫੀਲਡ, ਲਿਵਰਪੂਲ, ਲੈਸਟਰ, ਬਰਮਿੰਘਮ, ਵਰਸੈਸਟਰ ਵਿਚ ਚਲਾਈਆਂ ਮੁਹਿੰਮਾਂ ਦੇਖੀਆਂ ਜਾ ਸਕਦੀਆਂ ਹਨ। ਇਸੇ ਸਾਲ ਵਿਵੇਕ ਦੇ ਯਤਨਾਂ ਲਈ ਉਸ ਨੂੰ ਪ੍ਰਧਾਨ ਮੰਤਰੀ ਦਫ਼ਤਰ (10 ਡਾਊਨਿੰਗ) ਵੱਲੋਂ ‘ਪੁਆਇੰਟਸ ਆਫ਼ ਲਾਈਟ’ ਸਨਮਾਨ ਦਿੱਤਾ ਗਿਆ ਸੀ।