ਲੰਡਨ, 18 ਅਗਸਤ
ਕੈਲੀਫੋਰਨੀਆ ਵਿਚ ਪਰਿਵਾਰ ਸਣੇ ਛੁੱਟੀਆਂ ਕੱਟ ਕੇ ਪਰਤੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਕਿਹਾ ਕਿ ਤਕਨੀਕੀ ਬਦਲਾਅ ਤੇ ਸਖ਼ਤ ਆਰਥਿਕ ਚੁਣੌਤੀਆਂ ਦੇ ਗੇੜ ’ਚੋਂ ਮੁਲਕ ਨੂੰ ਕੱਢਣ ਲਈ ਉਹ ਯੂਕੇ ਸਰਕਾਰ ਵਿੱਚ ਇਸ ਸਿਖਰਲੇ ਅਹੁਦੇ ਲਈ ਸਭ ਤੋਂ ਯੋਗ ਵਿਅਕਤੀ ਹਨ। ਸੂਨਕ ਨੇ ਮਹਿੰਗਾਈ ਦਰ ਨੂੰ ਸਭ ਤੋਂ ਵੱਡੀ ਚੁਣੌਤੀ ਦੱਸਿਆ।

‘ਦਿ ਟਾਈਮਜ਼’ ਨੂੰ ਦਿੱਤੀ ਇੰਟਰਵਿਊ ਦੌਰਾਨ 43 ਸਾਲਾ ਬਰਤਾਨਵੀ ਭਾਰਤੀ ਆਗੂ ਨੇ ਮਹਿੰਗਾਈ ਦਰ 7.9 ਫੀਸਦ ਤੋਂ ਡਿੱਗ ਕੇ 6.8 ਫੀਸਦ ਰਹਿਣ ਦੇ ਹਵਾਲੇ ਨਾਲ ਕਿਹਾ ਕਿ ਇਹ ਸੰਕੇਤ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਅਰਥਚਾਰਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਕਰਨ ਦੇ ਕੰਢੇ ਪੁੱਜੇ ਸੂਨਕ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਖੇ ਹਾਲਾਤ ਵਿਚ ਨਹੀਂ ਮਿਲੀ। ਕਾਬਿਲੇਗੌਰ ਹੈ ਕਿ ਯੂਕੇ ਨੂੰ ਦਰਪੇਸ਼ ਵਿੱਤੀ ਸੰਕਟ ਦਰਮਿਆਨ ਲਿਜ ਟਰੱਸ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਕਰਕੇ ਸੂਨਕ ਨੂੰ ਚਾਣਚੱਕ ਇਸ ਅਹੁਦੇ ’ਤੇ ਬਿਠਾਇਆ ਗਿਆ ਸੀ।

ਸੂਨਕ ਨੇ ਇਸ ਅਖ਼ਬਾਰ ਨੂੰ ਦੱਸਿਆ, ‘‘ਮੇਰਾ ਮੰਨਣਾ ਹੈ ਕਿ ਮੈਂ ਸਹੀ ਵਿਅਕਤੀ ਹਾਂ, ਯੋਗ ਪ੍ਰਧਾਨ ਮੰਤਰੀ ਹਾਂ, ਅਜਿਹੇ ਮੌਕੇ ਜਦੋਂ ਤਕਨੀਕੀ ਬਦਲਾਅ ਬਹੁਤ ਅਹਿਮ ਹਨ, ਤਾਂ ਕਿ ਦੇਸ਼ ਨੂੰ ਤਬਦੀਲੀ ਦੇ ਇਸ ਗੇੜ ’ਚੋਂ ਕੱਢਣ ਵਿਚ ਮਦਦ ਕੀਤੀ ਜਾ ਸਕੇ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਅੱਗੇ ਵੱਡੀ ਚੁਣੌਤੀ ਹੈ, ਜਿਸ ਨੂੰ ਪਾਰ ਪਾਉਣਾ ਹੋਵੇਗੀ, ਪਰ ਮੈਨੂੰ ਯਕੀਨ ਹੈ ਕਿ ਅਸੀਂ ਇਸ ਨੂੰ ਪੂਰਾ ਕਰ ਲਵਾਂਗੇ। ਪਿਛਲੇ ਕੁਝ ਮਹੀਨਿਆਂ ਤੋਂ ਸਾਫ਼ ਹੈ ਕਿ ਯੋਜਨਾ ਕੰਮ ਕਰ ਰਹੀ ਹੈ।’’