ਓਟਵਾ, 21  ਦਸੰਬਰ :- ਯੂਨਾਈਟਿਡ ਕਿੰਗਡਮ ਵਿੱਚ ਕੋਵਿਡ-19 ਦੇ ਨਵੇਂ ਸਟਰੇਨ ਬਾਰੇ ਕੈਨੇਡਾ ਦੀ ਪ੍ਰਤੀਕਿਰਿਆ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਕੈਬਨਿਟ ਦੇ ਹੋਰ ਮੈਂਬਰਾਂ ਵੱਲੋਂ ਬੰਦ ਦਰਵਾਜ਼ਾ ਮੀਟਿੰਗ ਕੀਤੀ ਜਾ ਰਹੀ ਹੈ।
ਫੈਡਰਲ ਹੈਲਥ ਮੰਤਰੀ ਪੈਟੀ ਹਾਜ਼ਦੂ ਵੱਲੋਂ ਇਸ ਮੀਟਿੰਗ ਦਾ ਖੁਲਾਸਾ ਟਵਿੱਟਰ ਰਾਹੀੱ ਕੀਤਾ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਯੂਕੇ ਵਿੱਚ ਪਾਏ ਜਾ ਰਹੇ ਨਵੇਂ ਸਟਰੇਨ, ਜੋ ਕਿ ਹੋਰ ਜਿ਼ਆਦਾ ਘਾਤਕ ਹੈ, ਕਾਰਨ ਕਈ ਯੂਰਪੀਅਨ ਮੁਲਕਾਂ ਨੇ ਬ੍ਰਿਟੇਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਇੱਥੇ ਹੀ ਬੱਸ ਨਹੀੱ ਯੂਕੇ ਤੋਂ ਆਵਾਜਾਈ ਉੱਤੇ ਵੀ ਰੋਕ ਲਾਈ ਜਾ ਰਹੀ ਹੈ।
ਟਰੂਡੋ ਦੇ ਆਫਿਸ ਵੱਲੋਂ ਵੀ ਬਾਅਦ ਵਿੱਚ ਤਥਾ ਕਥਿਤ ਇੰਸੀਡੈਂਟ ਰਿਸਪਾਂਸ ਗਰੁੱਪ ਦੀ ਮੀਟਿੰਗ ਦੀ ਪੁਸ਼ਟੀ ਕੀਤੀ ਗਈ। ਇਸ ਨਵੇਂ ਸਟਰੇਨ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਫਰਾਂਸ, ਬੈਲਜੀਅਮ ਤੇ ਨੀਦਰਲੈਂਡਜ਼ ਵੱਲੋਂ ਟਰੈਵਲ ਸਬੰਧੀ ਪਾਬੰਦੀਆਂ ਲਾਈਆਂ ਗਈਆਂ ਹਨ। ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲਾਂਸੇ਼ ਵੱਲੋਂ ਫੈਡਰਲ ਸਰਕਾਰ ਤੋਂ ਹੋਰਨਾਂ ਦੇਸ਼ਾਂ ਦੀ ਤਰਜ਼ ਉੱਤੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ਮੁਲਤਵੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਟਰੈਵਲ ਬੈਨ ਲਾਇਆ ਜਾ ਰਿਹਾ ਹੈ ਜਾਂ ਨਹੀੱ ਇਸ ਬਾਰੇ ਟਰੂਡੋ ਸਰਕਾਰ ਵੱਲੋਂ ਹਾਲ ਦੀ ਘੜੀ ਸਥਿਤੀ ਸਪਸ਼ਟ ਨਹੀੱ ਕੀਤੀ ਗਈ ਹੈ।